ਖੇਤਰੀ ਪ੍ਰਤੀਨਿਧ
ਪਟਿਆਲਾ, 26 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਿਤ ਦਿਵਿਆਂਗ ਲੋਕਾਂ ਦੇ ਸ਼ਕਤੀਕਰਨ ਨਾਲ ਸਬੰਧਤ ਕੇਂਦਰ ‘ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼’ ਵੱਲੋਂ ਕੌਮੀ ਸਿੰਪੋਜ਼ੀਅਮ ਕਰਵਾਇਆ ਗਿਆ ਜਿਸ ਦੌਰਾਨ ਦਿਵਿਆਂਗ ਲੋਕਾਂ ਦੇ ਹੱਕਾਂ ਅਤੇ ਇਸ ਖੇਤਰ ਵਿੱਚਲੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ ਗਈ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਦਾ ਫਰਜ਼ ਹੈ ਕਿ ਉਹ ਵਿਸ਼ੇਸ਼ ਲੋੜਾਂ ਵਾਲੇ ਅਜਿਹੇ ਸਭ ਲੋਕਾਂ ਬਾਰੇ ਖੋਜਾਂ ਤੇ ਸਮੱਸਿਆਵਾਂ ਬਾਰੇ ਲੋੜੀਂਦੇ ਹੱਲ ਕੱਢਣ ਲਈ ਵਿਚਾਰ ਚਰਚਾਵਾਂ ਕਰਵਾਉਣ। ਪ੍ਰੋਗਰਾਮ ਦੀ ਸ਼ੁਰੂਆਤ ਇਸ ਕੇਂਦਰ ਦੇ ਕੋਆਰਡੀਨੇਟਰ ਅਤੇ ਦੇਖਣ ਤੋਂ ਅਸਮਰੱਥ ਡਾ. ਕਿਰਨ (ਸਹਾਇਕ ਪ੍ਰੋਫ਼ੈਸਰ ਸਮਾਜ ਵਿਗਿਆਨ ਵਿਭਾਗ) ਵੱਲੋਂ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਗਈ। ਵਿਸ਼ਾ ਮਾਹਿਰ ਵਜੋਂ ਨੈਸ਼ਨਲ ਇੰਸਟੀਚੂਟ ਫ਼ਾਰ ਦਿ ਐਂਪਾਵਰਮੈਂਟ ਆਫ਼ ਵਿਜ਼ੂਅਲ ਡਿਸੇਬਿਲਿਟੀਜ਼ ਦੇਹਰਾਦੂਨ ਦੇ ਟਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਜਗਦੀਸ਼ ਲਖੇਰਾ ਨੇ ਮੁੱਖ ਭਾਸ਼ਣ ਦਿੱਤਾ।