ਪਾਲ ਸਿੰਘ ਨੌਲੀ
ਜਲੰਧਰ, 11 ਨਵੰਬਰ
ਹਾਕੀ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਪਰਗਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਕੀ ਜਲੰਧਰ ਵਲੋਂ ਪੀਏਪੀ ਹਾਕੀ ਗਰਾਊਂਡ ਅਤੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੇ ਹਾਕੀ ਮੈਦਾਨ ’ਤੇ ਕਰਵਾਈ ਜਾ ਰਹੀ ਕੇਜੀਐੱਮ ਜ਼ਿਲ੍ਹਾ ਜਲੰਧਰ ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ ਡਾਕਟਰ ਕੁਲਵੰਤ ਸਿੰਘ ਕੇਜੀਐਮ ਹਸਪਤਾਲ ਅਤੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾਕਟਰ ਨਵਜੋਤ ਕੌਰ ਨੇ ਕੀਤਾ। ਲੜਕਿਆਂ ਦੇ 17 ਸਾਲ ਤੋਂ ਉਪਰ ਉਮਰ ਵਰਗ ਵਿੱਚ ਡੀਏਵੀ ਕਾਲਜ, ਕੁੱਕੜ ਪਿੰਡ, ਮਿੱਠਾਪੁਰ ਅਤੇ ਸਮਰਾਏ ਜੰਡਿਆਲਾ ਦੀਆਂ ਟੀਮਾਂ ਸੈਮੀਫਾਈਨਲ ਵਿੱਚ, 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਸਰਕਾਰੀ ਮਾਡਲ ਸਕੂਲ, ਏਕ ਨੂਰ ਅਕੈਡਮੀ ਤੇਹਿੰਗ, ਪੇਂਡੂ ਹਾਕੀ ਸਮਰਾਏ ਅਤੇ ਮਿੱਠਾਪੁਰ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਗਈਆਂ। ਇਸੇ ਦੌਰਾਨ ਲੜਕੀਆਂ ਦੇ 17 ਸਾਲ ਤੋਂ ਉਪਰ ਉਮਰ ਵਰਗ ਵਿੱਚ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਅਤੇ ਐੱਚਐੱਮਵੀ ਕਾਲਜ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ। ਜਦਕਿ ਲੜਕੀਆਂ ਦੇ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਕੇਸੀਐੱਲ ਕਾਲਜੀਏਟ ਸਕੂਲ ਨੇ ਖਿਤਾਬ ’ਤੇ ਕਬਜ਼ਾ ਕੀਤਾ ਹੈ। ਅੰਡਰ 17 ਲੜਕਿਆਂ ਦੇ ਉਮਰ ਵਰਗ ਵਿੱਚ ਧੰਨੋਵਾਲੀ ਨੇ ਅਕਾਲ ਅਕੈਡਮੀ ਧਨਾਲ ਕਲਾਂ ਨੂੰ, ਏਕ ਨੂਰ ਅਕੈਡਮੀ ਤੇਹਿੰਗ ਨੇ ਸੰਸਾਰਪੁਰ ਨੂੰ, ਪੇਂਡੂ ਹਾਕੀ ਸਮਰਾਏ ਨੇ ਧੀਣਾ ਨੂੰ, ਦੁਆਬਾ ਖਾਲਸਾ ਸਕੂਲ ਨੇ ਖੁਸਰੋਪੁਰ ਨੂੰ, ਸਰਕਾਰੀ ਮਾਡਲ ਸਕੂਲ ਨੇ ਧੰਨੋਵਾਲੀ ਨੂੰ ਅਤੇ ਮਿੱਠਾਪੁਰ ਅਕੈਡਮੀ ਨੇ ਦੁਆਬਾ ਖਾਲਸਾ ਸਕੂਲ ਨੂੰ ਮਾਤ ਦਿੱਤੀ। 17 ਸਾਲ ਤੋਂ ਉਪਰ ਉਮਰ ਵਰਗ ਵਿੱਚ ਕੁਕੜ ਪਿੰਡ ਨੇ ਸ਼ਰੀਹ ਨੂੰ ਸ਼ੂਟ ਆਊਟ ਰਾਹੀਂ ਹਰਾਇਆ। ਲੜਕੀਆਂ ਦੇ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਕੇਸੀਐੱਲ ਕਾਲਜੀਏਟ ਸਕੂਲ ਨੇ ਦੁਆਬਾ ਖਾਲਸਾ ਸਕੂਲ ਨੂੰ 5-0 ਨਾਲ ਹਰਾਇਆ। ਐੱਸਡੀ ਫੂਲਰਵਾਨ ਸਕੂਲ ਨੇ ਸੰਸਾਰਪੁਰ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ 17 ਸਾਲ ਤੋਂ ਉਪਰ ਉਮਰ ਵਰਗ ਵਿੱਚ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਨੇ ਐੱਸਡੀ ਕਾਲਜ ਨੂੰ ਅਤੇ ਐੱਚਐੱਮਵੀ ਕਾਲਜ ਨੇ ਖਾਲਸਾ ਕਲੱਬ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਖਾਲਸਾ ਕਲੱਬ ਨੇ ਐੱਸਡੀ ਕਾਲਜ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਵਰਗ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ 12 ਨੂੰ ਅਤੇ ਲੜਕੀਆਂ ਦੇ 17 ਸਾਲ ਤੋਂ ਉਪਰ ਉਮਰ ਵਰਗ ਦਾ ਫਾਈਨਲ ਮੁਕਾਬਲਾ ਵੀ 12 ਨਵੰਬਰ ਨੂੰ ਖੇਡਿਆ ਜਾਵੇਗਾ।