ਜੋਗਿੰਦਰ ਸਿੰਘ ਮਾਨ
ਮਾਨਸਾ, 11 ਨਵੰਬਰ
ਦਿੱਲੀ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਈਆਂ ਪਿੰਡ ਖੀਵਾ ਦਿਆਲੂਵਾਲਾ ਦੀਆਂ ਤਿੰਨ ਕਿਸਾਨ ਬੀਬੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਆਪਣੇ ਐਲਾਨੇ ਪ੍ਰੋਗਰਾਮ ਤਹਿਤ ਅੱਜ ਦੁਪਹਿਰ ਸਮੇਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਗਿਆ। ਪਰ ਇਸੇ ਦੌਰਾਨ ਕਿਸਾਨ ਜਥੇਬੰਦੀ ਤੇ ਪ੍ਰਸ਼ਾਸਨ ਵਿਚਾਲੇ ਮੰਗਾਂ ’ਤੇ ਸਹਿਮਤੀ ਬਣਨ ’ਤੇ ਧਰਨਾ ਸ਼ਾਮ ਤੋਂ ਪਹਿਲਾਂ ਹੀ ਸਮਾਪਤ ਕਰ ਦਿੱਤਾ ਗਿਆ। ਜ਼ਿਲ੍ਹਾ ਕਚਹਿਰੀਆਂ ਵਿੱਚ ਧਰਨਾ ਸ਼ੁਰੂ ਹੋਣ ਤੋਂ ਲਗਪਗ ਦੋ ਘੰਟਿਆਂ ਬਾਅਦ ਐੱਸਐੱਸਪੀ ਮਾਨਸਾ ਡਾ. ਸੰਦੀਪ ਕੁਮਾਰ ਗਰਗ ਨੇ ਕਿਸਾਨ ਆਗੂਆਂ ਨੂੰ ਆਪਣੇ ਦਫ਼ਤਰ ਵਿੱਚ ਗੱਲਬਾਤ ਲਈ ਸੱਦ ਕੇ ਦੱਸਿਆ ਕਿ ਸਰਕਾਰ ਵੱਲੋਂ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਅੱਜ ਹੀ ਪੀੜਤ ਪਰਿਵਾਰਾਂ ਨੂੰ ਚੈੱਕ ਸੌਂਪ ਦਿੱਤੇ ਜਾਣਗੇ। ਧਰਨੇ ਦੌਰਾਨ ਅੱਜ ਮਾਨਸਾ ਦੇ ਐੱਸਡੀਐੱਮ ਹਰਜਿੰਦਰ ਸਿੰਘ ਜੱਸੜ ਅਤੇ ਡੀਐੱਸਪੀ ਸੰਜੀਵ ਗੋਇਲ ਧਰਨਾ ਸਥਾਨ ’ਤੇ ਪਹੁੰਚੇ, ਜਿੱਥੇ ਉਨ੍ਹਾਂ ਸ਼ਹੀਦ ਹੋਈਆਂ ਬੀਬੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਦਿੱਤੇ ਤੇ ਨੌਕਰੀਆਂ ਸਬੰਧੀ ਫਾਈਲਾਂ ਸਰਕਾਰ ਨੂੰ ਕੱਲ੍ਹ ਭੇਜਣ ਦਾ ਵਾਅਦਾ ਕੀਤਾ। ਉਨ੍ਹਾਂ ਦੱਸਿਆ ਕਿ ਕਰਜ਼ਾ ਮੁਆਫ਼ੀ ਸਬੰਧੀ ਸੂਬਾ ਸਰਕਾਰ ਨੂੰ ਲਿਖਿਆ ਜਾਵੇਗਾ ਤੇ ਜ਼ਖ਼ਮੀ ਔਰਤ ਦੇ ਇਲਾਜ ਲਈ 3 ਲੱਖ ਰੁਪਏ ਪਰਿਵਾਰ ਨੂੰ ਜਲਦੀ ਦਿੱਤੇ ਜਾਣਗੇ। ਇਸ ਮਗਰੋਂ ਇਹ ਧਰਨਾ ਮੁਲਤਵੀ ਕਰਨ ਦਾ ਮੰਚ ਤੋਂ ਐਲਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿੰਡ ਖੀਵਾ ਦਿਆਲੂਵਾਲਾ ਦੀਆਂ ਕੁਝ ਬੀਬੀਆਂ ’ਤੇ ਬੀਤੀ 28 ਅਕਤੂਬਰ ਨੂੰ ਟਿੱਪਰ ਚੜ੍ਹ ਗਿਆ ਸੀ, ਜਿਸ ਕਾਰਨ ਤਿੰਨ ਔਰਤਾਂ ਗੁਰਮੇਲ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ ਸ਼ਹੀਦ ਹੋ ਗਈਆਂ ਸਨ, ਜਦਕਿ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਸਨ, ਜਿਨ੍ਹਾਂ ਵਿੱਚੋਂ ਗੁਰਮੇਲ ਕੌਰ ਅੱਜ ਵੀ ਇਲਾਜ ਲਈ ਚੰਡੀਗੜ੍ਹ ਪੀਜੀਆਈ ’ਚ ਦਾਖਲ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਔਰਤਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਜਥੇਬੰਦੀ ਨੇ ਰੱਦ ਕਰਕੇ 10-10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ, ਸਮੁੱਚਾ ਕਰਜ਼ਾ ਮੁਆਫ਼ ਕਰਨ ਅਤੇ ਜ਼ਖ਼ਮੀ ਔਰਤ ਦੇ ਇਲਾਜ ਲਈ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ।