ਪੱਤਰ ਪ੍ਰੇਰਕ
ਰਈਆ, 21 ਸਤੰਬਰ
ਪਿੰਡ ਸਠਿਆਲਾ ਵਿੱਚ ਮੱਝ ਚੋਰਾਂ ਵੱਲੋਂ ਬਜ਼ੁਰਗ ਦਾ ਕਤਲ ਕਰਨ ਸਬੰਧੀ ਪਤਾ ਲੱਗਾ ਹੈ। ਇਸ ਘਟਨਾ ਸਬੰਧੀ ਪਤਾ ਲੱਗਣ ’ਤੇ ਡੀਐੱਸਪੀ ਹਰਕਿਸ਼ਨ ਸਿੰਘ, ਥਾਣਾ ਬਿਆਸ ਮੁਖੀ ਹਰਜੀਤ ਸਿੰਘ ਅਤੇ ਚੌਕੀ ਇੰਚਾਰਜ ਵਿਕਟਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਠਿਆਲਾ ਦੇ ਕਿਸਾਨ ਹਰਮਨ ਮੋਹਣਜੀਤ ਪਾਲ ਸਿੰਘ ਵਾਸੀ ਸਠਿਆਲਾ ਨੇ ਖੇਤਾਂ ਵਿੱਚ ਭੋਲਾ ਸਿੰਘ 85 ਸਾਲ ਨੂੰ ਡੰਗਰਾਂ ਦੀ ਰਾਖੀ ਅਤੇ ਚਾਰੇ ਵਾਸਤੇ ਨੌਕਰ ਰੱਖਿਆ ਸੀ। ਚੋਰਾਂ ਵੱਲੋਂ ਮੱਝ ਚੋਰੀ ਕਰਨ ਦੀ ਨੀਯਤ ਨਾਲ ਭੋਲਾ ਸਿੰਘ ਨੂੰ ਬਿਜਲੀ ਦੀਆਂ ਤਾਰਾਂ ਨਾਲ ਗਲ਼ਾ ਘੁੱਟ ਕੇ ਮਾਰ ਦਿੱਤਾ ਤੇ ਜਾਂਦੇ ਵਕਤ ਮੱਝ ਅਤੇ ਪਾਲਤੂ ਮੁਰਗ਼ੀਆਂ ਵੀ ਲੈ ਗਏ। ਇਸ ਸਬੰਧੀ ਕਿਸਾਨ ਹਰਮਨ ਮੋਹਣਜੀਤ ਪਾਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਸਵੇਰੇ ਕਰੀਬ 6 ਵਜੇ ਮੋਟਰ ਤੋ ਰੋਜ਼ਾਨਾ ਦੀ ਤਰਾ ਦੁੱਧ ਲੈਣ ਗਿਆ ਤਾਂ ਉਸ ਦਾ ਨੌਕਰ ਭੋਲਾ ਸਿੰਘ ਨੂੰ ਬੰਨ੍ਹਿਆ ਹੋਇਆ ਸੀ ਤੇ ਮੂੰਹ ਕੱਪੜੇ ਨਾਲ ਢਕਿਆ ਸੀ। ਉਸ ਨੇ ਜਿਸ ਵਕਤ ਮੂੰਹ ਤੋ ਕੱਪੜਾ ਹਟਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਥਾਣਾ ਬਿਆਸ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਜਾਚ ਆਰੰਭ ਦਿੱਤੀ ਹੈ।