ਕੁਲਦੀਪ ਸਿੰਘ
ਚੰਡੀਗੜ੍ਹ, 29 ਅਗਸਤ
ਯੂ.ਟੀ. ਪ੍ਰਸ਼ਾਸਨ ਅਧੀਨ ਆਉਂਦੇ ਪਿੰਡ ਹੱਲੋਮਾਜਰਾ ਵਿੱਚ ਬਿਜਲੀ ਦੇ ਲਾਏ ਜਾ ਰਹੇ ਸਮਾਰਟ ਮੀਟਰਾਂ ਦਾ ਪਿੰਡ ਵਾਸੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਲੋਕੀਂ ਰੋਜ਼ਾਨਾ ਬਾਬਾ ਸਮਾਧਾਂ ਵਾਲੇ ਡੇਰੇ ਉੱਤੇ ਇੱਕੱਠੇ ਹੋ ਕੇ ਯੂ.ਟੀ. ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਪਿੱਟ ਸਿਆਪਾ ਕਰ ਰਹੇ ਹਨ ਅਤੇ ਸਮਾਰਟ ਮੀਟਰ ਲਾਉਣ ਦੀ ਪ੍ਰਕਿਰਿਆ ਤੁਰੰਤ ਰੋਕਣ ਦੀ ਮੰਗ ਕਰ ਰਹੇ ਹਨ।
ਪਿੰਡ ਵਾਸੀਆਂ ਵਿੱਚ ਸਰਪੰਚ ਸੁਖਜੀਤ ਸਿੰਘ ਹੱਲੋਮਾਜਰਾ, ਗੁਰਮੁਖ ਸਿੰਘ, ਗੁਰਚਰਨਜੀਤ ਸਿੰਘ, ਰਘੁਬੀਰ ਸਿੰਘ, ਕਪਤਾਨ ਸਿੰਘ, ਜਵਾਲਾ ਸਿੰਘ ਆਦਿ ਨੇ ਕਿਹਾ ਕਿ ਪਿੰਡ ਹੱਲੋਮਾਜਰਾ ਵਿੱਚ ਲੋਕੀਂ ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਦੇ ਜਾਲਾਂ ਅਤੇ ਟੁੱਟੇ ਫੁੱਟੇ ਬਿਜਲੀ ਦੇ ਖੰਭਿਆਂ ਕਾਰਨ ਪ੍ਰੇਸ਼ਾਨ ਹਨ। ਵਿਭਾਗ ਦੇ ਅਧਿਕਾਰੀ ਇਨ੍ਹਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਨਹੀਂ ਦਿੰਦੇ ਪਰ ਸਮਾਰਟ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸਮਾਰਟ ਮੀਟਰ ਲਗਾਉਣ ਤੋਂ ਪਹਿਲਾਂ ਪਿੰਡ ਨੂੰ ਸਮਾਰਟ ਬਣਾਇਆ ਜਾਵੇ ਅਤੇ ਇੱਥੋਂ ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਦੇ ਜਾਲ ਖ਼ਤਮ ਕੀਤੇ ਜਾਣ ਅਤੇ ਬਿਜਲੀ ਦੇ ਖਸਤਾ ਹਾਲਤ ਖੰਭੇ ਬਦਲੇ ਜਾਣ।
ਸਰਪੰਚ ਸੁਖਜੀਤ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਸਮਾਰਟ ਮੀਟਰ ਲਾਉਣ ਤੋਂ ਪਹਿਲਾਂ ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ਅਤੇ ਕਲੋਨੀਆਂ ਵਿੱਚ ਇਹ ਮੀਟਰ ਲਾਏ ਜਾਣ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਬਿਜਲੀ ਤੇ ਪਾਣੀ ਦੇ ਆ ਰਹੇ ਵੱਡੇ-ਵੱਡੇ ਬਿੱਲਾਂ ਤੋਂ ਪ੍ਰੇਸ਼ਾਨ ਹਨ ਅਤੇ ਹੁਣ ਬਿਜਲੀ ਵਿਭਾਗ ਉਨ੍ਹਾਂ ਨੂੰ ਸਮਾਰਟ ਮੀਟਰ ਲਾ ਕੇ ਹੋਰ ਵੱਡੀ ਪ੍ਰੇਸ਼ਾਨੀ ਵਿੱਚ ਪਾਉਣ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮਾਰਟ ਮੀਟਰ ਲਗਾਉਣ ਤੋਂ ਪਹਿਲਾਂ ਪਿੰਡ ਵਿੱਚ ਗਲੀਆਂ, ਨਾਲੀਆਂ, ਪਾਰਕ, ਸਕੂਲ, ਗਰਾਊਂਡ, ਹਸਪਤਾਲ, ਬਿਜਲੀ ਦੇ ਖੰਭੇ ਅਤੇ ਤਾਰਾਂ ਦੀ ਹਾਲਤ ਸੁਧਾਰ ਕੇ ਪਿੰਡ ਨੂੰ ਸਮਾਰਟ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਮਾਰਟ ਮੀਟਰ ਲਾਉਣ ਦੀ ਪ੍ਰਕਿਰਿਆ ਬੰਦ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪਿੰਡ ਵਾਸੀਆਂ ਦਾ ਮੁਜ਼ਾਹਰਾ ਜਾਰੀ ਰਹੇਗਾ।