ਬੀਰਬਲ ਰਿਸ਼ੀ
ਸ਼ੇਰਪੁਰ, 11 ਨਵੰਬਰ
ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ 13 ਨਵੰਬਰ ਨੂੰ ਪੰਜਾਬ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਧਿਆਨ ਪ੍ਰਾਈਵੇਟ ਸੰਸਥਾਵਾਂ ਦੀਆਂ ਹੱਕੀ ਮੰਗਾਂ ਵੱਲ ਖਿੱਚਣ ਲਈ ਸੂਬੇ ਦੇ ਸਮੂਹ ਰਾਜ ਤੇ ਕੌਮੀ ਮਾਰਗਾਂ ’ਤੇ ਸਕੂਲ ਬੱਸਾਂ ਖੜ੍ਹੀਆਂ ਕਰਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਸਿੱਖਿਆ ਬਚਾਓ ਤੇ ਪੰਜਾਬ ਬਚਾਓ’ ਦੇ ਨਾਅਰੇ ਹੇਠ ਫੈਡਰੇਸ਼ਨ ਦੀਆਂ ਸਹਿਯੋਗੀ ਐਸੋਸੀਏਸ਼ਨਾਂ ਰਾਸਾ, ਕਾਸਾ, ਪੂਸਾ, ਪੀਪੀਐੱਸਓ, ਈਸੀਐੱਸ ਜੋ ਕਿ ਪੰਜਾਬ ਭਰ ਦੇ ਸਿੱਖਿਆ ਬੋਰਡ ਤੇ ਸੀਬੀਐੱਸਈ ਨਾਲ ਸਬੰਧਤ ਤਕਰੀਬਨ 9 ਹਜ਼ਾਰ ਸਕੂਲ ਸੰਸਥਾਵਾਂ, ਜੁਆਇੰਟ ਐਸੋਸੀਏਸ਼ਨਜ਼ ਆਫ਼ ਕਾਲਜਿਜ਼ (ਜੈਕ) ਜੋ ਪੰਜਾਬ 1650 ਕਾਲਜਾਂ, ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦੀ ਹੈ, ਵੀ ਇਸ ਸੰਘਰਸ਼ ਵਿੱਚ ਸ਼ਾਮਲ ਹਨ। ਸੰਸਥਾਵਾਂ ਦੀ ਮੰਗ ਹੈ ਕਿ ਰੁਜ਼ਗਾਰ ਦੇਣ ਵਾਲੀਆਂ ਸੰਸਥਾਵਾਂ ਹਰ ਤਰ੍ਹਾਂ ਦੇ ਟੈਕਸ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਕੂਲ ਬੱਸਾਂ ਦਾ ਟੈਕਸ ਮੁਆਫ਼ ਕੀਤਾ ਜਾਵੇ ਤੇ ਇਨ੍ਹਾਂ ਸੰਸਥਾਵਾਂ ਵਿੱਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦਾ ਪੰਜ ਲੱਖ ਰੁਪਏ ਦਾ ਬੀਮਾ ਕੀਤਾ ਜਾਵੇ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੰਜੇ ਗੁਪਤਾ ਨੇ ਦੱਸਿਆ ਕਿ ਸੂਬੇ ਦੇ 55 ਫ਼ੀਸਦ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਾਲੀਆਂ ਸੰਸਥਾਵਾਂ ਸੈਲਫ਼ ਫਾਇਨਾਂਸਡ ਹਨ, ਜੋ ਸਰਕਾਰ ਤੋਂ ਕੋਈ ਵਿੱਤੀ ਸਹਾਇਤਾ ਨਹੀਂ ਲੈਂਦੀਆਂ ਤੇ ਰੁਜ਼ਗਾਰ ਵੀ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬਾ ਪ੍ਰਧਾਨ ਦੇ ਨਿਰਦੇਸ਼ਾਂ ’ਤੇ ਸੂਬੇ ਵਿੱਚ 13 ਨਵੰਬਰ ਦੇ ਪ੍ਰੋਗਰਾਮ ਨੂੰ ਜ਼ੋਰਦਾਰ ਤਿਆਰੀਆਂ ਤਹਿਤ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ।