ਬੀਰਬਲ ਰਿਸ਼ੀ
ਸ਼ੇਰਪੁਰ, 29 ਅਗਸਤ
ਛੇ ਦਿਨਾਂ ਤੋਂ ਭੇਤਭਰੀ ਹਾਲਤ ਵਿੱਚ ਘਰੋਂ ਗਾਇਬ ਹੋਏ ਕਾਤਰੋਂ ਦੇ ਨੌਜਵਾਨ ਗੁਰਪਿੰਦਰ ਸਿੰਘ (16) ਦੀ ਲਾਸ਼ ਭਾਖ਼ੜਾ ਨਹਿਰ ’ਚੋਂ ਬਰਾਮਦ ਹੋਣ ਮਗਰੋਂ ਥਾਣਾ ਸਦਰ ਪੁਲੀਸ ਨੇ ਮਰਹੂਮ ਦੇ ਦੋਸਤ ਰਮਨਦੀਪ ਸਿੰਘ ਵਿਰੁੱਧ ਮਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਘਟਨਾਕ੍ਰਮ ਤੋਂ ਪਿੰਡ ਦਾ ਮਾਹੌਲ ਬਹੁਤ ਗ਼ਮਗੀਨ ਹੈ। ਮਰਹੂਮ ਦੀ ਦਾਦੀ ਜਰਨੈਲ ਕੌਰ ਵੱਲੋਂ ਪੁਲੀਸ ਕੋਲ ਲਿਖਵਾਏ ਬਿਆਨਾਂ ਅਨੁਸਾਰ ਮਰਹੂਮ ਗੁਰਪਿੰਦਰ ਸਿੰਘ ਤੇ ਉਸ ਦੇ ਸਾਥੀ ਰਮਨਦੀਪ ਸਿੰਘ ਨੇ ਉਨ੍ਹਾਂ ਦੇ ਘਰੋਂ ਸੋਨਾ, ਡਾਲਰ ਤੇ ਨਕਦੀ ਚੋਰੀ ਕਰ ਲਈ ਸੀ। ਇਸ ਦਾ ਪਤਾ ਲੱਗਣ ਮਗਰੋਂ ਰਮਨਦੀਪ ਸਿੰਘ ਨੇ ਗੁਰਪਿੰਦਰ ਸਿੰਘ ਨੂੰ ਸਾਮਾਨ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਇਸੇ ਗੱਲੋਂ ਪ੍ਰੇਸ਼ਾਨ ਗੁਰਪਿੰਦਰ ਸਿੰਘ 24 ਅਗਸਤ ਤੋਂ ਘਰੋਂ ਗਾਇਬ ਸੀ। ਉਸ ਦੀ ਦਾਦੀ ਨੇ ਦੋਸ਼ ਲਗਾਇਆ ਕਿ ਉਸ ਦੇ ਪੋਤੇ ਨੂੰ ਉਸ ਦੇ ਦੋਸਤ ਨੇ ਹੀ ਮਰਨ ਲਈ ਮਜਬੂਰ ਕੀਤਾ ਹੈ। ਜਾਂਚ ਅਫ਼ਸਰ ਕਰਮਜੀਤ ਸਿੰਘ ਨੇ ਉਕਤ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਭਾਵੇਂ ਚਰਚਾ ਹੈ ਕਿ ਪਰਿਵਾਰ ਨੇ ਮੁਲਜ਼ਮ ਨੌਜਵਾਨ ਨੂੰ ਪੁਲੀਸ ਕੋਲ ਪੇਸ਼ ਕਰ ਦਿੱਤਾ ਹੈ ਪਰ ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਇਸੇ ਦੌਰਾਨ ਪਿੰਡ ਦੇ ਸਰਪੰਚ ਬਹਾਦਰ ਸਿੰਘ ਕਾਤਰੋਂ ਨੇ ਦੱਸਿਆ ਦੁੱਖ ਹੈ ਕਿ ਇਹ ਮਾਮਲਾ 24 ਅਗਸਤ ਤੋਂ ਪਹਿਲਾਂ ਉਨ੍ਹਾਂ ਦੀ ਪੰਚਾਇਤ ਕੋਲ ਆਇਆ ਸੀ ਅਤੇ ਜੇਕਰ ਦੋਵੇਂ ਪਰਿਵਾਰਾਂ ਨੇ ਪੰਚਾਇਤ ਕੋਲ ਸਮਝੌਤਾ ਕਰ ਲਿਆ ਹੁੰਦਾ ਤਾ ਦੋਵੇਂ ਪਰਿਵਾਰਾਂ ਨੂੰ ਆਹ ਦਿਨ ਨਾ ਵੇਖਣਾ ਪੈਂਦਾ।