ਬਾਰਪੇਟਾ: ਅਸਾਮ ਦੇ ਬਾਰਪੇਟਾ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਇੱਕ ਮਹਿਲਾ ਪੁਲੀਸ ਅਧਿਕਾਰੀ ਵੱਲੋਂ ਦਾਇਰ ਕੀਤੇ ਕੁੱਟਮਾਰ ਨਾਲ ਸਬੰਧਤ ਕੇਸ ’ਚ ਅੱਜ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਪੰਜ ਦਿਨ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਚੀਫ ਜੁਡੀਸ਼ਲ ਮੈਜਿਸਟਰੇਟ ਮੁਕੁਲ ਚੇਤੀਆ ਨੇ ਮੇਵਾਨੀ ਨੂੰ ਦੁਪਹਿਰ ਸਮੇਂ ਅਦਾਲਤ ’ਚ ਪੇਸ਼ ਕੀਤੇ ਜਾਣ ਮਗਰੋਂ ਪੁਲੀਸ ਹਿਰਾਸਤ ’ਚ ਭੇਜ ਦਿੱਤਾ। ਮੇਵਾਨੀ ਨੂੰ ਬੀਤੇ ਦਿਨ ਕੋਕਰਾਝਾਰ ਜ਼ਿਲ੍ਹੇ ਦੇ ਇੱਕ ਹੋਰ ਮਾਮਲੇ ’ਚ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਤੁਰੰਤ ਬਾਅਦ ਇਸ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸੇ ਦੌਰਾਨ ਅਸਾਮ ਦੇ ਸੀਨੀਅਰ ਕਾਂਗਰਸ ਆਗੂਆਂ ਨੇ ਜਿਗਨੇਸ਼ ਮੇਵਾਨੀ ਦੀ ਰਿਹਾਈ ਦੀ ਮੰਗ ’ਤੇ ਰੋਸ ਮੁਜ਼ਾਹਰਾ ਕੀਤਾ। ਰੋਸ ਮਾਰਚ ਕਰ ਰਹੇ ਕਾਂਗਰਸ ਆਗੂਆਂ ਨੂੰ ਪੁਲੀਸ ਹਿਰਾਸਤ ’ਚ ਲੈ ਕੇ ਥਾਣੇ ਲੈ ਗਈ ਤੇ ਕੁਝ ਦੇਰ ਬਾਅਦ ਰਿਹਾਅ ਕਰ ਦਿੱਤਾ। -ਪੀਟੀਆਈ