ਸਹਿਣ ਦੀ ਸੀਮਾ
28 ਤਰੀਕ ਦੇ ਮਿਡਲ ‘ਅਗਾਂਹਵਧੂ’ ਵਿਚ ਜਗਦੀਪ ਸਿੱਧੂ ਸਮਾਂ ਬਦਲਣ ਦੀ ਗੱਲ ਕਰਦਾ ਹੈ; ਸਮਾਂ ਬਦਲਿਆ ਜ਼ਰੂਰ ਹੈ ਪਰ ਮਨੁੱਖ ਦੀ ਸੋਚ ਪਦਾਰਥਵਾਦ ਵੱਲ ਜ਼ਿਆਦਾ ਉੱਲਰ ਗਈ ਹੈ। ਸਮਾਜ ਦੇ ਹਰ ਰਿਸ਼ਤੇ ਨੂੰ ਪੈਸੇ ਨੇ ਜਕੜ ਵਿਚ ਲੈ ਲਿਆ ਹੈ। ਇਸ ਸੂਰਤ ਵਿਚ ਰਿਸ਼ਤਿਆਂ ਦਾ ਤਿੜਕਣਾ ਸੁਭਾਵਿਕ ਹੈ। ਵਿਆਹ ਤੋਂ ਬਾਅਦ ਧੀਆਂ ਬੇਗਾਨੇ ਘਰ ਜਾਂਦੀਆਂ ਹਨ। ਜੇ ਤੁਸੀਂ ਚੰਗੇਰੇ ਸਮਾਜ ਦੀ ਕਲਪਨਾ ਕਰਦੇ ਹੋ ਤਾਂ ਧੀਆਂ ਦੀ ਕਦਰ ਕਰਨੀ ਪਵੇਗੀ। ਇਸ ਤੋਂ ਪਹਿਲਾਂ 25 ਅਗਸਤ ਦੇ ਮਿਡਲ ‘ਪਾਪਾ ਦੀ ਪੈਨਸ਼ਨ’ ਵਿਚ ਰਾਜਵਿੰਦਰ ਰੌਂਤਾ ਨੇ ਉਨ੍ਹਾਂ ਔਕੜਾਂ ਦਾ ਜ਼ਿਕਰ ਕੀਤਾ ਹੈ ਜੋ ਉਨ੍ਹਾਂ ਦੇ ਪਤਾ ਨੂੰ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਚਾਲੂ ਕਰਵਾਉਣ ਲਈ ਸਹਿਣੀਆਂ ਪਈਆਂ। ਦਰਅਸਲ, ਕੋਈ ਵੀ ਸਰਕਾਰੀ ਕੰਮ ਬਿਨਾ ਰਿਸ਼ਵਤ ਤੋਂ ਹੋਣਾ ਤਕਰੀਬਨ ਨਾਮੁਮਕਿਨ ਹੈ। ਸਰਕਾਰੀ ਦਫ਼ਤਰਾਂ ਵਿਚ ਕਿਸੇ ਦੀ ਵਡੇਰੀ ਉਮਰ, ਬਿਮਾਰ ਜਾਂ ਲਾਚਾਰੀ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਬਾਬੂ ਕਿਸੇ ਨਾ ਕਿਸੇ ਨੁਕਸ ਦੇ ਬਹਾਨੇ ਕੰਮ ਲਟਕਾ ਦਿੰਦੇ ਹਨ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
(2)
ਜਗਦੀਪ ਸਿੱਧੂ ਦਾ ਮਿਡਲ ‘ਅਗਾਂਹਵਧੂ’ ਕਈ ਪ੍ਰਸ਼ਨ ਉਠਾਉਂਦਾ ਹੈ। ਪਹਿਲੀ ਗੱਲ, ਸਹੁਰੇ ਪਰਿਵਾਰ ਵੱਲੋਂ ਘਰ ਦੇ ਸਾਰੇ ਕੰਮ ਦਾ ਬੋਝ ਨੂੰਹ ’ਤੇ ਪਾਉਣਾ ਸਮਝਦਾਰੀ ਨਹੀਂ; ਦੂਜੀ ਗੱਲ, ਕੰਮ ਆਪਣੇ ਘਰ ਦਾ ਹੀ ਹੈ, ਕੁੜੀਆਂ ਨੂੰ ਇਸ ਤੋਂ ਮੁਨਕਰ ਹੋ ਖ਼ੁਦਕੁਸ਼ੀ ਵਰਗਾ ਕਦਮ ਚੁੱਕਣਾ ਠੀਕ ਨਹੀਂ। ਪੜ੍ਹੇ ਲਿਖੇ ਹੋਣ ਦਾ ਕੋਈ ਲਾਭ ਨਹੀਂ, ਜੇ ਜ਼ਿੰਦਗੀ ਜਿਊਣ ਦਾ ਸਲੀਕਾ ਨਾ ਆਇਆ!
ਮਨਦੀਪ ਕੌਰ, ਈਮੇਲ
ਸੋਨੇ ’ਤੇ ਸੁਹਾਗਾ
27 ਅਗਸਤ ਦੇ ਨਜ਼ਰੀਆ ਪੰਨੇ ’ਤੇ ਹਮੀਰ ਸਿੰਘ ਨੇ ਆਪਣੇ ਲੇਖ ‘ਕਿਸਾਨ ਅੰਦੋਲਨ : ਜਮਹੂਰੀਅਤ ਦੀ ਨਵੀਂ ਲੀਹ’ ਰਾਹੀਂ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਵਰਨਣ ਕੀਤਾ ਹੈ। ਕਿਸਾਨ ਭਾਵੇਂ ਅੰਦੋਲਨ ਨੂੰ ਕੋਝੀ ਸਿਆਸਤ ਤੋਂ ਬਚਾ ਕੇ ਰੱਖਣਾ ਚਾਹੁੰਦੇ ਹਨ ਪਰ ਜੇ ‘ਮੀਰੀ ਤੇ ਪੀਰੀ’ ਵਾਲੇ ਸਿਧਾਂਤ ਦੀ ਖੁਸ਼ਬੂ ਇਸ ਅੰਦੋਲਨ ਵਿਚੋਂ ਆ ਸਕੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ।
ਡਾ. ਤਰਲੋਚਨ ਕੌਰ, ਪਟਿਆਲਾ
(2)
ਹਮੀਰ ਸਿੰਘ ਦਾ ਲੇਖ ‘ਕਿਸਾਨ ਅੰਦੋਲਨ : ਜਮਹੂਰੀਅਤ ਦੀ ਨਵੀਂ ਲੀਹ’ ਪੜ੍ਹ ਕੇ ਮਹਿਸੂਸ ਹੋਇਆ ਕਿ ਕਿਸਾਨ ਅੰਦੋਲਨ ਵਿਚ ਕਿਵੇਂ ਸਿਆਸਤ ਭਾਰੂ ਹੋ ਰਹੀ ਹੈ। ਲੇਖਕ ਨੇ ਮੀਡੀਆ ਦੀ ਭੂਮਿਕਾ, ਸੰਸਦ ਦੇ ਮੌਨਸੂਨ ਸੈਸ਼ਨ, ਪੈਗਾਸਸ ਜਾਸੂਸੀ, 26 ਜਨਵਰੀ ਦੀ ਘਟਨਾ ਅਤੇ ਔਰਤਾਂ ਦੁਆਰਾ ਮੁਤਵਾਜ਼ੀ ਸੰਸਦ ਬਾਰੇ ਗੱਲ ਕੀਤੀ ਹੈ। ਇਸੇ ਦਿਨ ਦੇ ਮਿਡਲ ‘ਚਾਬੀ ਦੀ ਤਲਾਸ਼’ ਵਿਚ ਗੁਰਦੀਪ ਸਿੰਘ ਢੁੱਡੀ ਨੇ ਲਾਇਬਰੇਰੀ ਅਤੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ ਹੈ। ਕਿਤਾਬਾਂ ਨਰੋਏ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਵਿਚ ਹੱਥ ਵਟਾਉਂਦੀਆਂ ਹਨ।
ਮਨਮੋਹਨ ਸਿੰਘ ਨਾਭਾ, ਈਮੇਲ
ਧਰਤੀ ਦੀ ਬਰਬਾਦੀ
25 ਅਗਸਤ ਨੂੰ ਡਾ. ਗੁਰਿੰਦਰ ਕੌਰ ਦਾ ਲੇਖ ‘ਸਦੀ ਦਾ ਸਭ ਤੋਂ ਵੱਡਾ ਸੰਕਟ ਆਲਮੀ ਤਪਸ਼’ ਪੜ੍ਹਿਆ। ਅਸੀਂ ਆਪ ਹੀ ਧਰਤੀ ਨੂੰ ਬਰਬਾਦ ਕਰ ਰਹੇ ਹਾਂ। ਸਹੂਲਤਾਂ ਲਈ ਅਸੀਂ ਆਉਣ ਵਾਲੀ ਪੀੜ੍ਹੀ ਦੀ ਜ਼ਿੰਦਗੀ ਖ਼ਰਾਬ ਕਰ ਰਹੇ ਹਾਂ। ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਇਸ ਦੇ ਮਾਰੂ ਅਸਰ ਹੁਣ ਦਿਖਾਈ ਦੇਣ ਲੱਗੇ ਹਨ। ਜੇ ਮੌਸਮ ਵਿਚ ਹੋ ਰਹੀ ਤਿੱਖੀ ਤਬਦੀਲੀ ਨੂੰ ਨਾ ਠੱਲ੍ਹਿਆ ਗਿਆ ਤਾਂ ਕੁਝ ਸਾਲਾਂ ਬਾਅਦ ਧਰਤੀ ਖੰਡਰ ਬਣ ਜਾਣੀ ਹੈ।
ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ)
(2)
ਆਲਮੀ ਤਪਸ਼ ਬਾਰੇ ਲੇਖ ਪੜ੍ਹਿਆ। ਦੇਖਿਆ ਜਾਵੇ ਤਾਂ ਅੱਜ ਦਾ ਮਨੁੱਖ ਵਾਤਾਵਰਨ ਦੀ ਸ਼ੁੱਧਤਾ ਤੇ ਸੰਭਾਲ ਦੇ ਪੱਖੋਂ ਬਹੁਤ ਅਲਗਰਜ ਸਾਬਤ ਹੋ ਰਿਹਾ ਹੈ। ਜਿਸ ਹਿਸਾਬ ਨਾਲ ਧਰਤੀ ਦੀ ਤਪਸ਼ ਵਧ ਰਹੀ ਹੈ, ਗਲੇਸ਼ੀਅਰ ਖੁਰ ਰਹੇ ਹਨ, ਧਰਤੀ ਦੇ ਸ਼ਿੰਗਾਰ ਰੁੱਖ ਵੱਢੇ ਜਾ ਰਹੇ ਹਨ, ਵਿਕਾਸ ਦੇ ਨਾਂ ’ਤੇ ਪਾਣੀ ਤੇ ਹਵਾ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ, ਕੁਦਰਤੀ ਸੋਮਿਆਂ ਦਾ ਵਿਨਾਸ਼ ਤੇ ਖ਼ਤਰਨਾਕ ਗੈਸਾਂ ਵਿਚ ਹੋ ਰਿਹਾ ਵਾਧਾ, ਇਹ ਸਭ ਮਨੁੱਖੀ ਜ਼ਿੰਦਗੀ ਲਈ ਖ਼ਤਰਾ ਹਨ। ਅੱਜ ਦਾ ਸਵਾਰਥੀ ਮਨੁੱਖ ਆਪਣੇ ਹਿੱਤਾਂ ਲਈ ਇਸ ਪਾਸਿਓਂ ਅੱਖਾਂ ਮੀਟੀ ਬੈਠਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਗਿਆਨ ਦੀ ਜੋਤ
23 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਜਸਵਿੰਦਰ ਸੁਰਗੀਤ ਦਾ ਲੇਖ ‘ਚੇਤਿਆਂ ’ਚ ਵਸੇ ਭੈਣਜੀ’ ਚੰਗਾ ਲੱਗਾ। ਅਧਿਆਪਕ ਨੂੰ ਆਦਰਸ਼ ਸਮਾਜ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਇਸ ’ਚ ਕੋਈ ਅਤਿਕਥਨੀ ਨਹੀਂ ਕਿ ਅਧਿਆਪਕ ਗਿਆਨ ਦੀ ਜੋਤ ਹੈ ਜੋ ਵਿਦਿਆਰਥੀਆਂ ਦੇ ਜੀਵਨ ’ਚੋਂ ਹਨੇਰਾ ਦੂਰ ਕਰਕੇ ਗਿਆਨ ਰੂਪੀ ਚਾਨਣ ਫੈਲਾਉਂਦਾ ਹੈ। ਉਹ ਵਿਦਿਆਰਥੀਆਂ ’ਚ ਨੈਤਿਕ ਗੁਣ ਭਰਨ ਲਈ ਤਤਪਰ ਰਹਿੰਦਾ ਹੈ। ਅਜੋਕੇ ਦੌਰ ਵਿਚ ਹਰ ਵਰਗ ਧਰਨੇ ਲਗਾਉਣ ਲਈ ਮਜਬੂਰ ਹੋ ਗਿਆ ਹੈ ਜਿਨ੍ਹਾਂ ਵਿਚ ਅਧਿਆਪਕ ਵੀ ਸ਼ਾਮਿਲ ਹਨ। ਜਿਸ ਮੁਲਕ ਦੇ ਅਧਿਆਪਕ ਸੜਕਾਂ ’ਤੇ ਹੋਣ, ਉਸ ਮੁਲਕ ਦਾ ਕੀ ਬਣੇਗਾ?
ਹਰਸਿਮਰਨ ਸਿੰਘ, ਈਮੇਲ
ਖ਼ਰਾ ਬੰਦਾ
11 ਅਗਸਤ ਦੇ ਨਜ਼ਰੀਆ ਪੰਨੇ ’ਤੇ ਵਿਪਨ ਜਲਾਲਾਬਾਦੀ ਦੀ ਰਚਨਾ ‘ਤਾਏ ਦੀ ਲੜਾਈ’ ਆਪਣੇ-ਆਪ ਵਿਚ ਬੜਾ ਕੁਝ ਕਹਿ ਰਹੀ ਹੈ। ਕੁਦਰਤ ਦਾ ਵੀ ਨਿਯਮ ਹੈ ਕਿ ਮਿਰਚ, ਲਸਣ, ਨਿੰਮ ਆਦਿ ਹਰ ਕੌੜੀ ਸ਼ੈਅ ਦੇ ਗੁਣ ਵੀ ਬੜੇ ਹੁੰਦੇ ਹਨ, ਜਿਵੇਂ ਰਚਨਾ ਵਿਚਲਾ ਪਾਤਰ ਤਾਇਆ ਸੁਭਾਅ ਦਾ ਖਰ੍ਹਵਾ ਜ਼ਰੂਰ ਹੈ ਪਰ ਉਹ ਸੱਚਾ-ਪੱਕਾ ਮੂੰਹ ’ਤੇ ਸੱਚਾਈ ਕਹਿਣ ਵਾਲਾ ਖ਼ਰਾ ਬੰਦਾ ਹੈ, ਇਸ ਕਰਕੇ ਉਹ ਬਹੁਤਿਆਂ ਨੂੰ ਚੰਗਾ ਨਹੀਂ ਲੱਗਦਾ ਪਰ ਜਦੋਂ ਉਹ ਬਿਨਾ ਰਜਿਸਟਰੀ ਵਾਲੀ ਜ਼ਮੀਨ ਕਿਸੇ ਅਸਰ-ਰਸੂਖ ਵਾਲੇ ਬੰਦੇ ਕੋਲ ਜਾਂਦੀ ਸੁਣਦਾ ਹੈ ਤਾਂ ਇਕੱਲਾ ਹੀ ਅੜ ਜਾਂਦਾ ਹੈ। ਦੇਖਿਆ ਜਾਵੇ ਤਾਂ ਅਜਿਹੇ ਸ਼ਖ਼ਸ ਵਿਰਲੇ ਹੁੰਦੇ ਹਨ।
ਅਮਰਜੀਤ ਮੱਟੂ ਭਰੂਰ (ਸੰਗਰੂਰ)
ਕੁਦਰਤ ਦਾ ਨੁਕਸਾਨ
24 ਅਗਸਤ ਨੂੰ ‘ਨਜ਼ਰੀਆ’ ਪੰਨੇ ’ਤੇ ਵਿਜੈ ਬੰਬੇਲੀ ਦਾ ਲੇਖ ‘ਪਹਾੜਾਂ ਦਾ ਢਹਿ-ਢੇਰੀ ਹੋਣਾ ਅਚਾਨਕ ਵਰਤਾਰਾ ਨਹੀਂ’ ਪੜ੍ਹਿਆ। ਲੇਖਕ ਨੇ ਮਨੁੱਖੀ ਕਾਰਜਾਂ ਕਾਰਨ ਕੁਦਰਤ ਨੂੰ ਪਹੁੰਚ ਰਹੇ ਨੁਕਸਾਨ ਬਾਰੇ ਚਿੰਤਾ ਪ੍ਰਗਟ ਕੀਤੀ। ਦਰਅਸਲ, ਮਨੁੱਖ ਆਪਣੇ ਫਾਇਦੇ ਵਾਸਤੇ ਕੁਦਰਤ ਦੀਆਂ ਦਾਤਾਂ ਨੂੰ ਅੰਨ੍ਹੇਵਾਹ ਇਸਤੇਮਾਲ ਕਰ ਰਿਹਾ ਹੈ। ਲੇਖਕ ਨੇ ਸਾਨੂੰ ਆਉਣ ਵਾਲੀਆਂ ਮੁਸੀਬਤਾਂ ਤੋਂ ਵਾਕਫ਼ ਕਰਾਇਆ।
ਸਰਵਰ ਸਿੰਘ ਢਿੱਲੋਂ, ਪਿੰਡ ਬਰਗਾੜੀ (ਫਰੀਦਕੋਟ)