ਪੱਤਰ ਪ੍ਰੇਰਕ
ਰਾਜਪੁਰਾ, 23 ਜੂਨ
ਇਥੋਂ ਦੀ ਡਾਲੀਮਾ ਵਿਹਾਰ ਕਲੋਨੀ ਵਾਸੀ ਨੌਜਵਾਨ ਅਸ਼ਵਨੀ ਕੁਮਾਰ ਦੇ ਅੰਨ੍ਹੇ ਕਤਲ ਕੇਸ ਨੂੰ ਥਾਣਾ ਸਿਟੀ ਦੀ ਪੁਲੀਸ ਨੇ ਸੁਲਝਾ ਲਿਆ ਅਤੇ ਇਸ ਸਬੰਧੀ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਸੁਰੇਸ਼ ਕੁਮਾਰ ਵਾਸੀ ਡਾਲੀਮਾ ਵਿਹਾਰ ਕਲੋਨੀ ਰਾਜਪੁਰਾ ਨੇ ਤਿੰਨ ਦਿਨ ਪਹਿਲਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੁੱਤਰ ਅਸ਼ਵਨੀ ਕੁਮਾਰ ਨੂੰ ਅਕਾਸ਼ (16) ਅਤੇ ਨਿਤਨ ਵਾਸੀ ਢੰਕਾਨਸੂ ਮਾਜਰਾ 20 ਜੂਨ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਸਰਹਿੰਦ ਰੋਡ ਨੇੜਲੇ ਇੱਕ ਧਾਰਮਿਕ ਅਸਥਾਨ ’ਤੇ ਲੈ ਗਏ ਸਨ। ਉਸ ਦਿਨ ਤੋਂ ਅਸ਼ਵਨੀ ਕੁਮਾਰ ਘਰ ਵਾਪਸ ਨਹੀਂ ਪਰਤਿਆ। ਸੁਰੇਸ਼ ਕੁਮਾਰ ਨੇ ਅਕਾਸ਼ ਅਤੇ ਨਿਤਨ ਦੋਵਾਂ ’ਤੇ ਆਪਣੇ ਲੜਕੇ ਅਸ਼ਵਨੀ ਕੁਮਾਰ ਨੂੰ ਮਾਰ ਕੇ ਲਾਸ਼ ਖੁਰਦ ਬੁਰਦ ਕਰਨ ਦਾ ਸ਼ੱਕ ਜ਼ਾਹਿਰ ਕੀਤਾ। ਇਸ ’ਤੇ ਪੁਲੀਸ ਨੇ ਦੋਵੇਂ ਨੌਜਵਾਨਾਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਕੇ ਅਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਰਾਜਪੁਰਾ-ਸਰਹਿੰਦ ਰੇਲਵੇ ਲਾਈਨ ਨੇੜੇ ਖਤਾਨਾਂ ਦੀਆਂ ਝਾੜੀਆਂ ਵਿੱਚੋਂ ਅੱਜ ਅਸ਼ਵਨੀ ਕੁਮਾਰ ਦੀ ਲਾਸ਼ ਬਰਾਮਦ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਅਕਾਸ਼ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਦੋਂ ਕਿ ਨਿਤਨ ਅਜੇ ਫ਼ਰਾਰ ਹੈ।