ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਸਤੰਬਰ
ਗੁਰੂਦੇਵ ਸੁਦਰਸ਼ਨ ਲਾਲ ਮਹਾਰਾਜ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਅਨਾਜ ਮੰਡੀ ਵਿੱਚ ਕਰਵਾਇਆ ਗਿਆ ਜਿਸਦੀ ਅਗਵਾਈ ਗੁਰੂਦੇਵ ਦੇ ਚੇਲੇ ਕਵੀ ਰਤਨ ਗੁਰੂਦੇਵ ਸੁਨੀਲ ਮੁਨੀ ਮਹਾਰਾਜ ਵੱਲੋਂ ਕੀਤੀ ਗਈ। ਸਮਾਗਮ ਵਿਚ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉਤਰ ਪ੍ਰਦੇਸ਼ ਆਦਿ ਰਾਜਾਂ ਤੋਂ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਾ ਸੀ ਪਰ ਰੁਝੇਵਿਆਂ ਕਾਰਨ ਨਹੀਂ ਪੁੱਜ ਸਕੇ। ਉਨ੍ਹਾਂ ਦੀ ਭੈਣ ਸ੍ਰੀਮਤੀ ਮਨਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਸਮਾਗਮ ’ਚ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਨਵਕਾਰ ਮਹਾਂਮੰਤਰ ਦੇ ਜਾਪ ਨਾਲ ਕੀਤੀ ਗਈ। ਮੰਧੂਰ ਗਾਇਕ ਅਰਹਮ ਮੁਨੀ ਨੇ ਬੁਲੰਦ ਆਵਾਜ਼ ਵਿਚ ਪੰਜਾਬੀ ਭਾਸ਼ਾ ਵਿੱਚ ਭਜਨ ਸੁਣਾਇਆ। ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਰਮੇਸ਼ ਜੈਨ ਮੂਨਕ ਅਤੇ ਸ਼ੁਗਲ ਜੈਨ ਉਕਲਾਣਾ ਨਿਭਾਈ ਗਈ। ਦਿੱਲੀ ਦੇ ਪ੍ਰਸਿੱਧ ਕਲਾਕਾਰਾਂ ਨੇ ਗੁਰੂਦੇਵ ਦੇ ਜੀਵਨ ’ਤੇ ਚਾਨਣਾ ਪਾਇਆ। ਫਰੀਦਾਬਾਦ ਤੋਂ ਪੁੱਜੇ ਪ੍ਰੋਫੈਸਰ ਰਵਿੰਦਰ ਅਤੇ ਦਿੱਲੀ ਤੋਂ ਪੁੱਜੇ ਸੁਰੇਂਦਰ ਅਤੇ ਗੁਰੂਦੇਵ ਸੁਦਰਸ਼ਨ ਦੇ ਭਤੀਜੇ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮੀ ਸਹਿ ਸਕੱਤਰ ਸੁਰੇਂਦਰ ਨੇ ਗੁਰੂ ਸੁਦਰਸ਼ਨ ਦੇ ਜੀਵਨ ਬਾਰੇ ਜਾਣੂ ਕਰਵਾਇਆ। ਵਨੀਤਾ ਜੈਨ ਸੰਗਰੂਰ, ਸੁਨੀਲ ਜੈਨ ਕੈਥਲ, ਰਾਜੀਵ ਜੈਨ ਗੁਹਾਣਾ, ਸਮਰਿਧੀ ਜੈਨ ਗੋਹਾਣਾ ਤੇ ਮਹਿਕ ਜੈਨ ਨੇ ਭਜਨ ਗਾ ਕੇ ਵਧੀਆ ਮਾਹੌਲ ਸਿਰਜਿਆ।
ਐੱਸ.ਐੱਸ. ਜੈਨ ਸਭਾ ਸੰਗਰੂਰ ਦੇ ਪ੍ਰਧਾਨ ਨੇ ਹਜ਼ਾਰਾਂ ਦੀ ਤਾਦਾਦ ’ਚ ਵੱਖ-ਵੱਖ ਰਾਜਾਂ ਤੋਂ ਪੁੱਜੀ ਸੰਗਤ ਦਾ ਧੰਨਵਾਦ ਕੀਤਾ। ਨੰਨ੍ਹੇ ਮੁੰਨ੍ਹੇ ਬੱਚਿਆਂ ਵੱਲੋਂ ਪੰਜਾਬੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਆਗੂਆਂ ਨੇ ਸੰਗਤ ਨੂੰ ਮਹਾਰਾਜ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ ਕੀਤੀ। ਜਨਮ ਸ਼ਤਾਬਦੀ ਸਾਲ ਦੀ ਕੇਂਦਰੀ ਕਮੇਟੀ ਪੰਜਾਬ, ਹਰਿਆਣਾ, ਦਿੱਲੀ, ਆਦਿ ਵੱਖ-ਵੱਖ ਰਾਜਾਂ ਦੇ ਜੈਨ ਮਹਾਂ ਸਭਾਵਾਂ ਦੇ ਪ੍ਰਧਾਨ ਵੀ ਇਸ ਮੌਕੇ ਸ਼ਾਮਲ ਹੋਏ।