ਡੀਪੀਐੱਸ ਬੱਤਰਾ
ਸਮਰਾਲਾ, 11 ਫਰਵਰੀ
ਸੰਯੁਕਤ ਸਮਾਜ ਮੋਰਚੇ ਦੇ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਸਮਰਾਲਾ ਸ਼ਹਿਰ ਦੇ ਵਾਰਡ ਨੰਬਰ ਦੋ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਉਹ ਇਸ ਗੱਲ ’ਤੇ ਹੈਰਾਨ ਹਨ ਕਿ ਪਿਛਲੇ 74 ਸਾਲਾਂ ਤੋਂ ਵਾਰੋ-ਵਾਰੀ ਰਾਜ ਕਰਨ ਵਾਲੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਕਦੇ ਲੋਕਾਂ ਬਾਰੇ ਨਹੀਂ ਸੋਚਿਆ ਸਗੋਂ ਆਪਣੇ ਬੋਝੇ ਭਰਨ ਵਿੱਚ ਲੱਗੇ ਰਹੇ। ਉਨ੍ਹਾਂ ਵੋਟਰਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਬਣਨ ’ਤੇ ਉਹ ਸਾਰੇ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਰੱਖ ਕੇ ਗਰੀਬਾਂ ਦੇ ਵਿਹੜਿਆਂ ਵਿੱਚ ਖੁਸ਼ਹਾਲੀ ਲਿਆਉਣਗੇ। ਰਾਜੇਵਾਲ ਨੇ ਸਮੁੱਚੀਆਂ ਸਿਆਸੀ ਧਿਰਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਇਨ੍ਹਾਂ ਸਿਆਸੀ ਧਿਰਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਹੁੰਦੀ ਤਾਂ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਦੀ ਲੋੜ ਨਹੀਂ ਸੀ ਪੈਣੀ। ਉਨ੍ਹਾਂ ਭਾਜਪਾ ਉਮੀਦਵਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਦੇ ਭਾਜਪਾ ਦੀ ਸਰਕਾਰ ਬਣਾਉਣ ਵਾਲੇ ਬਿਆਨ ਸਬੰਧੀ ਗੱਲ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਦੁਨੀਆਂ ਭਰ ਦੇ ਗੱਪੀ ਪ੍ਰਧਾਨ ਮੰਤਰੀਆਂ ਵਿੱਚੋਂ ਮੋਦੀ ਦਾ ਪਹਿਲਾ ਸਥਾਨ ਹੈ, ਇਸ ਲਈ ਪੰਜਾਬ ਦੇ ਲੋਕ ਗੱਪੀ ਪ੍ਰਧਾਨ ਮੰਤਰੀ ਨੂੰ ਸ਼ੀਸ਼ਾ ਦਿਖਾ ਦੇਣਗੇ। ਇਸ ਮੌਕੇ ਵਾਰਡ ਨੰਬਰ ਦੋ ਦੇ ਵਸਨੀਕਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਸਮਰਥਨ ਦਾ ਐਲਾਨ ਕੀਤਾ।