ਮਨੋਜ ਸ਼ਰਮਾ/ਸ਼ਗਨ ਕਟਾਰੀਆ
ਬਠਿੰਡਾ, 30 ਸਤੰਬਰ
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਇੱਥੋਂ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈਆਂ ਜਾ ਰਹੀਆਂ ‘ਬਠਿੰਡਾ ਰੂਰਲ ਓਲੰਪਿਕਸ-2022’ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਬਠਿੰਡਾ ਦੇ ਇਸ ਖੇਡ ਸਟੇਡੀਅਮ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣ ਅਤੇ ਇਨਡੋਰ ਸਟੇਡੀਅਮ ਦੇ ਨਿਰਮਾਣ ਦਾ ਵੀ ਐਲਾਨ ਕੀਤਾ।
ਭਾਵੇਂ ਕਿ ਉਦਘਾਟਨੀ ਰਸਮ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਪਹੁੰਚਣਾ ਸੀ ਪਰ ਰੁਝੇਵਿਆਂ ਕਾਰਨ ਉਨ੍ਹਾਂ ਦੀ ਗ਼ੈਰ ਆਮਦ ਕਾਰਨ ਡਾ. ਬਲਜੀਤ ਕੌਰ ਨੇ ਇਸ ਰਸਮ ਦੀ ਅਦਾਇਗੀ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਦੀਆ ਹਨ, ਉੱਥੇ ਹੀ ਖੇਡਾਂ ਰਾਹੀਂ ਉਨ੍ਹਾਂ ਨੂੰ ਆਪਣੇ ਪੁਰਖ਼ਿਆਂ ਅਤੇ ਦੇਸ਼ ਦਾ ਨਾਮ ਚਮਕਾਉਣ ਦਾ ਮੌਕਾ ਬਖ਼ਸ਼ਦੀਆਂ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਉੱਤਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਨਾਲੋ-ਨਾਲ ਵੱਧ ਤੋਂ ਵੱਧ ਸਵੈ ਰੁਜ਼ਗਾਰ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਮਾਗਮ ਦੌਰਾਨ ਪੰਜਾਬੀ ਲੋਕ ਗਾਇਕ ਵਿੱਕੀ ਅਤੇ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਨੂੰ ਕੀਲ ਲਿਆ। ਗੀਤਕਾਰ ਕਪਤਾਨ ਬਠਿੰਡੇ ਵਾਲੇ ਅਤੇ ਗਾਇਕ ਹਰਸਿਮਰਨ ਨੇ ਵੀ ਸਮਾਰੋਹ ’ਚ ਸ਼ਿਰਕਤ ਕੀਤੀ। ਇਸ ਦੌਰਾਨ ‘ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖੁਰਦ’ ਦੇ ਬੱਚਿਆਂ ਵੱਲੋਂ ਗੱਤਕੇ ਦੀ ਸ਼ਾਨਦਾਰ ਪੇਸ਼ਕਾਰੀ ਹੋਈ।
ਇਸ ਮੌਕੇ ਜਿਮਨਾਸਟਿਕ ਕੋਚ ਸ਼ੇਰ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਵੱਲੋ ਜਿਮਨਾਸਟਿਕ ਦੇ ਜੌਹਰ ਵੀ ਵਿਖਾਏ ਗਏ ਅਤੇ ਸੇਲਬਰਾਹ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ ਲੋਕ ਸਾਜ਼ਾਂ ਅਤੇ ਲੋਕ ਬੋਲੀਆਂ ਦਾ ਸੁਮੇਲ ‘ਮਲਵਈ ਗਿੱਧਾ’ ਪੇਸ਼ ਕੀਤਾ ਗਿਆ। ਇਸ ਮੌਕੇ ਮੌਜੂਦ ਡਿਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਚੰਦਰ ਗੈਂਦ, ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲੀਸ ਮੁਖੀ ਬਠਿੰਡਾ ਜੇ. ਇਲਨਚੇਲੀਅਨ ਦੀ ਮੌਜੂਦਗੀ ’ਚ ਖਿਡਾਰੀਆਂ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਕਈ ਰਾਜਨੀਤਕ, ਪ੍ਰਸ਼ਾਸਨਿਕ, ਸਮਾਜਿਕ ਅਤੇ ਧਾਰਮਿਕ ਹਸਤੀਆਂ ਹਾਜ਼ਰ ਸਨ।