ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਫਰਵਰੀ
ਸੰਸਦ ਮੈਂਬਰ ਅਤੇ ਚੋਣ ਪ੍ਰਬੰਧਕੀ ਕਮੇਟੀ ਦੇ ਮੁਖੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੁਝ ਹੋਰ ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਤੋਂ ਕਿਨਾਰਾ ਕਰਨ ਵਾਲੇ ਨਾਰਾਜ਼ ਕਾਂਗਰਸੀ ਆਗੂਆਂ ਨਾਲ ਅੱਜ ਇੱਥੇ ਮੀਟਿੰਗ ਕੀਤੀ ਪਰ ਫਿਲਹਾਲ ਇਸ ਦਾ ਕੋਈ ਫਾਇਦਾ ਹੋਇਆ ਨਹੀਂ ਜਾਪ ਰਿਹਾ। ਇਸ ਸਬੰਧੀ ਬਿੱਟੂ ਨੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ ਤੇ ਹੋਰ ਕਈ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਮਗਰੋਂ ਬਿੱਟੂ ਨੇ ਆਖਿਆ ਕਿ ਕਾਂਗਰਸ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ’ਚੋਂ ਕੁਝ ਮੰਨ ਗਏ ਹਨ ਪਰ ਜਿਹੜੇ ਨਹੀਂ ਮੰਨੇ ਹੁਣ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਕਾਂਗਰਸੀ ਆਗੂ ਉਮੀਦਵਾਰਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਰੇ। ਸਰਕਾਰ ਬਣਨ ’ਤੇ ਮਿਹਨਤ ਕਰਨ ਵਾਲਿਆਂ ਨੂੰ ਸਨਮਾਨ ਦਿੱਤਾ ਜਾਵੇਗਾ। ਜੇ ਕੋਈ ਹੋਰ ਪਾਰਟੀ ਵਿਚ ਜਾਣਾ ਚਾਹੁੰਦਾ ਹੈ ਤਾਂ ਉਹ ਜਾ ਸਕਦਾ ਹੈ। 20 ਫਰਵਰੀ ਦਾ ਦਿਨ ਲੰਘਣ ਤੋਂ ਬਾਅਦ ਅਜਿਹੇ ਆਗੂ ਨਾ ਘਰ ਦੇ ਰਹਿਣਗੇ ਨਾ ਘਾਟ ਦੇ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਿੱਟੂ ਨਾਲ ਮੀਟਿੰਗ ਦੌਰਾਨ ਨਾਰਾਜ਼ ਆਗੂਆਂ ਨੇ ਦੱਸਿਆ ਕਿ ਸਿੱਧੂ ਨੇ ਇੱਕ ਵਾਰ ਵੀ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਨਹੀਂ ਆਖਿਆ। ਇਕ ਆਗੂ, ਜੋ ਇਸ ਵੇਲੇ ਸਿੱਧੂ ਦੇ ਹਲਕੇ ਵਿਚ ਚੋਣ ਪ੍ਰਚਾਰ ਕਰਨ ਦੀ ਥਾਂ ਦੱਖਣੀ ਵਿਧਾਨ ਸਭਾ ਹਲਕੇ ਵਿਚ ਕਾਂਗਰਸੀ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਲਈ ਚੋਣ ਪ੍ਰਚਾਰ ਕਰ ਰਿਹਾ ਹੈ, ਨੇ ਕਿਹਾ ਕਿ ਦੱਖਣੀ ਹਲਕੇ ਵਿਚ ਚੋਣ ਪ੍ਰਚਾਰ ਕਰ ਕੇ ਉਹ ਪਾਰਟੀ ਦੀ ਜ਼ਿੰਮੇਵਾਰੀ ਹੀ ਨਿਭਾਅ ਰਿਹਾ ਹੈ।
ਏਜੰਸੀਆਂ ਦੀ ਦੁਰਵਰਤੋਂ ਕਰ ਰਿਹਾ ਹੈ ਕੇਂਦਰ: ਬਿੱਟੂ
ਨਵਜੋਤ ਸਿੱਧੂ ਦੇ ਹਲਕੇ ਵਿਚ ਮੁੱਖ ਮੰਤਰੀ ਜਾਂ ਹੋਰ ਕਿਸੇ ਵੱਡੇ ਆਗੂ ਵੱਲੋਂ ਚੋਣ ਪ੍ਰਚਾਰ ਲਈ ਨਾ ਆਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਬਿੱਟੂ ਨੇ ਕਿਹਾ ਕਿ ਸਿੱਧੂ ਖੁਦ ਇਕ ਵੱਡੀ ਸ਼ਖਸੀਅਤ ਹਨ, ਜੋ ਦੂਜੇ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਹਨ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਖਾਸ ਕਰਕੇ ਈਡੀ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਾਜਾਇਜ਼ ਨਿਸ਼ਾਨਾ ਬਣਾਇਆ ਗਿਆ ਹੈ।