ਗਗਨਦੀਪ ਅਰੋੜਾ
ਲੁਧਿਆਣਾ, 24 ਮਈ
ਵੀਆਈਪੀ ਕਲਚਰ ਨਿਯਮਾਂ ’ਤੇ ਹਾਲੇ ਵੀ ਭਾਰੀ ਪੈ ਰਿਹਾ ਹੈ। ਸਟੇਟ ਟ੍ਰਾਂਸਪੋਰਟ ਕਮਿਸ਼ਨਰ ਵੱਲੋਂ ਪਿਛਲੇ ਸਾਲ ਕਰੀਬ 7 ਮਹੀਨੇ ਪਹਿਲਾਂ ਵਿਨਟੇਜ਼ ਨੰਬਰਾਂ ’ਤੇ ਰੋਕ ਲਾ ਦਿੱਤੀ ਗਈ ਸੀ ਤੇ ਆਨਲਾਈਨ ਇਨ੍ਹਾਂ ਨੰਬਰਾਂ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਨੰਬਰ ਵਾਲੀਆਂ ਗੱਡੀਆਂ ਸੜਕਾਂ ’ਤੇ ਚਲਾਉਣ ਯੋਗ ਨਹੀਂ ਹਨ, ਪਰ 7 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਗੱਡੀਆਂ ਸੜਕਾਂ ’ਤੇ ਦੌੜ ਰਹੀਆਂ ਹਨ ਤੇ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਹਨ। ਇਹੀ ਨਹੀਂ ਵਿਨਟੇਜ਼ ਨੰਬਰ ’ਤੇ ਰੋਕ ਲਾਉਣ ਵਾਲੇ ਸਾਬਕਾ ਐਸਟੀਸੀ ਅਮਰਪਾਲ ਨੇ ਪੱਤਰ ਜਾਰੀ ਕਰ ਇਨ੍ਹਾਂ ਵਾਹਨ ਚਾਲਕਾਂ ਨੂੰ ਕਈ ਵਾਰ ਸੂਚਿਤ ਵੀ ਕੀਤਾ ਸੀ ਕਿ ਵਿਨਟੇਜ਼ ਨੰਬਰ ਨੂੰ ਸਰੰਡਰ ਕਰਕੇ ਨਵੇਂ ਨੰਬਰ ਲਾਏ ਜਾਣ। ਉਧਰ, ਰੋਡ ਸੇਫਟੀ ਸੈੱਲ ਦੇ ਮਾਹਿਰ ਡਾ. ਕਮਲਜੀਤ ਸੋਈ ਨੇ ਕਿਹਾ ਕਿ ਵਿਨਟੇਜ਼ ਨੰਬਰ ਆਮ ਵਿਅਕਤੀ ਨਹੀਂ ਬਲਕਿ ਵੱਡੇ ਵੱਡੇ ਸਿਆਸੀ ਆਗੂਆਂ, ਅਫ਼ਸਰਾਂ ਤੇ ਰਸੂਖਦਾਰਾਂ ਦੀਆਂ ਗੱਡੀਆਂ ’ਤੇ ਲੱਗੇ ਹੋਏ ਹਨ। ਇਸ ਮੌਕੇ ਜੋ ਵੱਡੀਆਂ ਵਾਰਦਾਤਾਂ ਹੋ ਰਹੀਆਂ ਹਨ, ਉਹ ਇਨ੍ਹਾਂ ਵੀਆਈਪੀ ਨੰਬਰਾਂ ਦੀਆਂ ਗੱਡੀਆਂ ਤੋਂ ਹੀ ਹੋ ਰਹੀਆਂ ਹਨ ਕਿਉਂਕਿ ਇਨ੍ਹਾਂ ਗੱਡੀਆਂ ਨੂੰ ਕੋਈ ਜਲਦੀ ਰੋਕਦਾ ਨਹੀਂ। ਇਹੀ ਨਹੀਂ ਇਨ੍ਹਾਂ ਗੱਡੀਆਂ ਦਾ ਕੋਈ ਆਨਲਾਈਨ ਰਿਕਾਰਡ ਵੀ ਨਹੀਂ ਹੈ। ਨਵੀਂ ਸਰਕਾਰ ਬਣੇ ਨੂੰ ਕਾਫ਼ੀ ਦਿਨ ਹੋ ਗਏ ਹਨ ਤੇ ਇਨ੍ਹਾਂ ਨੂੰ ਵੀ ਪੱਤਰ ਜਾਰੀ ਕਰਕੇ ਕਾਰਵਾਈ ਲਈ ਕਿਹਾ ਗਿਆ ਹੈ। ਜੇ ਇੱਕ ਮਹੀਨੇ ’ਚ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਵੱਲ ਰੁਖ਼ ਕਰਨਗੇ। ਇਸ ਦੇ ਨਾਲ ਹੀ ਡਿਪਟੀ ਐੱਸਟੀਸੀ ਮਨਜੀਤ ਸਿੰਘ ਨੇ ਕਿਹਾ ਕਿ ਵਿਨਟੇਜ਼ ਨੰਬਰ ਦੀਆਂ ਗੱਡੀਆਂ ਨੂੰ ਬਲੈਕ ਲਿਸਟ ਕੀਤਾ ਗਿਆ ਹੈ। ਦਿੱਤਾ ਸਮਾਂ ਪੂਰਾ ਹੋ ਚੁੱਕਿਆ ਹੈ। ਜਿਸ ਵਾਹਨ ’ਤੇ ਇਹ ਨੰਬਰ ਪਲੇਟ ਹੋਈ ਉਸ ਵਾਹਨ ਦੇ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।
ਲੁਧਿਆਣਾ ਵਿੱਚ ਢਾਈ ਸੌ ਵਾਹਨਾਂ ’ਤੇ ਲੱਗੇ ਨੇ ਵਿਨਟੇਜ਼ ਨੰਬਰ
ਪੰਜਾਬ ਭਰ ’ਚ ਸੈਂਕੜੇ ਵਿਨਟੇਜ਼ ਨੰਬਰ ਦੀਆਂ ਗੱਡੀਆਂ ਸੜਕਾਂ ’ਤੇ ਦੌੜ ਰਹੀਆਂ ਹਨ, ਜਿਸ ’ਚੋਂ 250 ਗੱਡੀਆਂ ਸਿਰਫ਼ ਲੁਧਿਆਣਾ ਦੀਆਂ ਹਨ, ਜੋ ਕਿ ਹੋਰ ਜ਼ਿਲ੍ਹਿਆਂ ’ਚ ਵੀ ਚੱਲ ਰਹੀਆਂ ਹਨ, ਜਦੋਂ ਕਿ ਹੋਰ ਜ਼ਿਲ੍ਹਿਆਂ ਦੀਆਂ ਗੱਡੀਆਂ ਲੁਧਿਆਣਾ ’ਚ ਹਾਈ ਸੁਰੱਖਿਆ ਨੰਬਰ ਪਲੇਟਾਂ ਦੇ ਨਾਲ ਚੱਲ ਰਹੀਆਂ ਹਨ।