ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਮਈ
ਆਗਾਮੀ ਮੌਨਸੂਨ ਸੀਜ਼ਨ ਦੌਰਾਨ ਅਗਾਊਂ ਹੜ੍ਹ ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਅੱਜ ਸਬੰਧਤ ਅਧਿਕਾਰੀਆਂ ਨਾਲ ਸਥਾਨਕ ਬੱਚਤ ਭਵਨ ਵਿੱਚ ਮੀਟਿੰਗ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਆਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਫਲੱਡ ਕੰਟਰੋਲ ਰੂਮ ਸਥਾਪਤ (0161-2433100) ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਬ ਡਿਵੀਜ਼ਨ ਅਤੇ ਤਹਿਸੀਲ ਪੱਧਰ ’ਤੇ ਵੀ ਅਜਿਹੇ ਫਲੱਡ ਕੰਟਰੋਲ ਰੂਮ ਸਥਾਪਤ ਕਰਨ ਬਾਰੇ ਹਦਾਇਤ ਕੀਤੀ ਗਈ ਹੈ। ਇਹ ਫਲੱਡ ਕੰਟਰੋਲ ਰੂਮ 16 ਜੂਨ ਤੋਂ 30 ਸਤੰਬਰ ਤੱਕ ਨਿਰੰਤਰ 24 ਘੰਟੇ ਚੱਲਣਗੇ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਨਗਰ ਨਿਗਮ ਲੁਧਿਆਣਾ, ਸਿੰਚਾਈ ਵਿਭਾਗ, ਡਰੇਨੇਜ ਵਿਭਾਗ ਅਤੇ ਹੋਰ ਵਿਭਾਗਾਂ ਵੱਲੋਂ ਕੀਤੀਆਂ ਤਿਆਰੀਆਂ ਬਾਰੇ ਵੇਰਵਾ ਲਿਆ ਅਤੇ ਫੈਸਲਾ ਕੀਤਾ ਕਿ ਹੜ੍ਹ ਰੋਕਥਾਮ ਪ੍ਰਬੰਧਾਂ ਵਿੱਚ ਆਪਸੀ ਤਾਲਮੇਲ ਬਣਾਉਣ ਅਤੇ ਸਮੁੱਚੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖਣ ਲਈ ਇੱਕ ਵਟਸਐਪ ਗਰੁੱਪ ਬਣਾਇਆ ਜਾਵੇਗਾ। ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਆਪਸੀ ਸੰਪਰਕ ਨੰਬਰ ਸਾਂਝੇ ਕਰ ਲੈਣ। ਉਨ੍ਹਾਂ ਸਮੂਹ ਐੱਸਡੀਐੱਮ ਨੂੰ ਹਦਾਇਤ ਕੀਤੀ ਕਿ ਉਹ ਇੱਕ-ਇੱਕ ਵਾਹਨ ਵਿੱਚ ਵਾਇਰਲੈਸ ਪਬਲਿਕ ਐੱਡਰੈਸ ਸਿਸਟਮ ਲਗਾਉਣਾ ਯਕੀਨੀ ਬਣਾਉਣ ਤਾਂ ਜੋ ਹੰਗਾਮੀ ਸਥਿਤੀ ਮੌਕੇ ਲੋਕਾਂ ਤੱਕ ਸਪੀਕਰ ਰਾਹੀਂ ਸੁਨੇਹਾ ਪਹੁੰਚਾਇਆ ਜਾ ਸਕੇ। ਉਨਾਂ ਐੱਨਡੀਆਰਐੱਫ ਅਤੇ ਭਾਰਤੀ ਫੌਜ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਸਿਵਲ ਅਧਿਕਾਰੀਆਂ ਨੂੰ ਨਾਲ ਲੈ ਕੇ ਸੰਵੇਦਨਸ਼ੀਲ ਇਲਾਕਿਆਂ ਦਾ ਪਹਿਲਾਂ ਹੀ ਦੌਰਾ ਕਰ ਲੈਣ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਗਲੇ ਹੁਕਮਾਂ ਤੱਕ ਬਿਨਾਂ ਉਨ੍ਹਾਂ ਦੀ ਪ੍ਰਵਾਨਗੀ ਤੋਂ ਹੈੱਡਕੁਆਰਟਰ (ਸਟੇਸ਼ਨ) ਨਹੀਂ ਛੱਡਣਗੇ ਅਤੇ ਇਸ ਦੇ ਨਾਲ-ਨਾਲ ਆਪਣਾ ਮੋਬਾਈਲ ਫੋਨ ਵੀ 24 ਘੰਟੇ ਖੁੱਲ੍ਹਾ ਰੱਖਣਗੇ। ਸਾਰੇ ਉਪ ਮੰਡਲ ਮੈਜਿਸਟਰੇਟ, ਡੀਆਰਓ ਅਤੇ ਤਹਿਸੀਲਦਾਰ ਇਸ ਗੱਲ ਨੁੂੰ ਯਕੀਨੀ ਬਣਾਉਣਗੇ ਕਿ ਤਹਿਸੀਲ ਹੈੱਡਕੁਆਰਟਰਾਂ ਵਿੱਚ ਸਥਾਪਤ ਫਲੱਡ ਕੰਟਰੋਲ ਰੂਮ ਸਹੀ ਕੰਮ ਕਰਦੇ ਹੋਣ। ਕੰਟਰੋਲ ਰੂਮ ਦੇ ਨੰਬਰ ਚਾਲੂ ਹੋਣ ਅਤੇ ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਲੱਗੀ ਹੈ ਉਹ ਸਮੇਂ ਸਿਰ ਹਾਜ਼ਰ ਹੋ ਕੇ ਪੂਰੀ ਡਿਊਟੀ ਦੇਣ। ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ,ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਹਲਕਿਆਂ ਵਿੱਚ ਪੈਂਦੇ ਸਾਰੇ ਪੁਆਇੰਟਸ ਦਾ ਵੀ ਦੌਰਾ ਕਰਨਗੇ।