ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 11 ਫਰਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਸਤਪਾਲ ਡੋਡ ਅੱਜ ‘ਆਪ’ ’ਚ ਸ਼ਾਮਲ ਹੋ ਗਏ। 47 ਸਾਲ ਤੋਂ ਕਾਂਗਰਸ ਨਾਲ ਜੁੜੇ ਸ੍ਰੀ ਡੋਡ ਨੇ ਪਾਰਟੀ ਵਿਚਲੀ ਗੁੱਟਬੰਦੀ ਤੋਂ ਖ਼ਫ਼ਾ ਹੋ ਕੇ ਕਾਂਗਰਸ ਛੱਡੀ ਹੈ। ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸ੍ਰੀ ਡੋਡ ਦਾ ਪਾਰਟੀ ਵਿਚ ਸਵਾਗਤ ਕੀਤਾ। ਰਾਘਵ ਚੱਢਾ ਨੇ ਸ੍ਰੀ ਡੋਡ ਨੂੰ ਛੇਤੀ ਹੀ ਪਾਰਟੀ ਵਿਚ ਕੋਈ ਸਨਮਾਨਯੋਗ ਰੁਤਬਾ ਦੇਣ ਦਾ ਵਾਅਦਾ ਕੀਤਾ। ‘ਆਪ’ ਦੇ ਸੀਨੀਅਰ ਆਗੂ ਅਮਰਜੀਤ ਮਹਿਤਾ ਨੇ ਕਿਹਾ ਕਿ ਡੋਡ ਦੇ ‘ਆਪ’ ਵਿਚ ਸ਼ਾਮਲ ਹੋਣ ’ਤੇ ਪਾਰਟੀ ਨੂੰ ਵਿਧਾਨ ਸਭਾ ਹਲਕਾ ਜੈਤੋ, ਕੋਟਕਪੂਰਾ ਅਤੇ ਬਠਿੰਡਾ (ਸ਼ਹਿਰੀ) ਤੋਂ ਕਾਫੀ ਫਾਇਦਾ ਹੋਵੇਗਾ। ਡੋਡ ਨੇ ਕਿਹਾ ਕਿ ਕਾਂਗਰਸ ਵਿਚ ਪੁਰਾਣੇ ਆਗੂਆਂ ਦੀ ਕਦਰ ਘਟ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਸਿਆਸੀ ਤਬਦੀਲੀ ਪਸੰਦ ਹਨ, ਜਿਸ ਦੀਆਂ ਸੰਭਾਵਨਾਵਾਂ ਸਿਰਫ ‘ਆਪ’ ਕੋਲ ਹੀ ਹਨ।