ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 26 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿੱਚ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ ਅੰਦਰ ਖੜ੍ਹਾ ਰਹਿੰਦਾ ਹੈ ਜੋ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਨਗਰ ਦੇ ਵਾਰਡ ਨੰਬਰ 4 ਦੀ ਹਾਲਤ ਤਾਂ ਇਸ ਸਮੇਂ ਬਦਤਰ ਬਣੀ ਹੋਈ ਹੈ, ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਨ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਬਾਰੇ ਕੈਪਟਨ ਕਰਮਜੀਤ ਸਿੰਘ, ਸਰਬਜੀਤ ਸਿੰਘ, ਕਾਕਾ ਸਿੰਘ, ਬਿਕਰ ਸਿੰਘ, ਬੰਤਾ ਸਿੰਘ ਸਾਬਕਾ ਪੰਚ, ਧੀਰਾ ਸਿੰਘ, ਰਣਬੀਰ ਸਿੰਘ ਕਾਕਾ, ਕੁਲਵੰਤ ਸਿੰਘ, ਨਛੱਤਰ ਸਿੰਘ ਮੇਜਰ ਸਿੰਘ ਅਤੇ ਹੋਰਨਾਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਪੱਲਿਓਂ ਪੈਸੇ ਖਰਚ ਕਰਕੇ ਕਈ ਵਾਰ ਇਹ ਗੰਦਾ ਪਾਣੀ ਕਢਵਾ ਚੁੱਕੇ ਹਨ ਪ੍ਰੰਤੂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀ ਵਿੱਚ ਗੰਦਾ ਪਾਣੀ ਫੇਰ ਭਰ ਜਾਂਦਾ ਹੈ ਜੋ ਲੋਕਾਂ ਦੀ ਵੱਡੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ।
ਦੂਸਰੇ ਪਾਸੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਸੀਵਰੇਜ ਦੇ ਸੁਧਾਰ ਦੀਆਂ ਵੱਡੀਆਂ ਗੱਲਾਂ ਕਰਦੇ ਆ ਰਹੇ ਹਨ ਪਰ ਅਮਲ ਵਿੱਚ ਅਜੇ ਤਕ ਕੁਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਵਿੱਚ ਸੀਵਰੇਜ ਦਾ ਅਜਿਹਾ ਨਿਕੰਮਾ ਪ੍ਰਬੰਧ ਹੈ ਤਾਂ ਬਾਕੀ ਪਿੰਡਾਂ ਦਾ ਕੀ ਹਾਲ ਹੋਵੇਗਾ। ਇਸ ਸਬੰਧੀ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦੇ ਦੋਨੋਂ ਨੰਬਰ ਬੰਦ ਆ ਰਹੇ ਸਨ।