ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਸਤੰਬਰ
ਰੈਲੀ ’ਚ ਮੋਟਰਸਾਈਕਲ ਟਕਰਾਉਣ ਤੋਂ ਬਾਅਦ ਹੋਈ ਬਹਿਸ ਦੌਰਾਨ ਵੱਧ ਰਹੀ ਰੰਜਿਸ਼ ਦੇ ਚੱਲਦੇ ਕੁਝ ਨੌਜਵਾਨਾਂ ਨੇ ਸ਼ਿਮਲਾਪੁਰੀ ਸਥਿਤ ਹਰਿਕ੍ਰਿਸ਼ਨ ਨਗਰ ਵਾਸੀ ਅਭਿਸ਼ੇਕ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸ ਦੌਰਾਨ ਨੌਜਵਾਨ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਅਭਿਸ਼ੇਕ ਦੇ ਪਿਤਾ ਅਸ਼ੋਕ ਦੀ ਸ਼ਿਕਾਇਤ ’ਤੇ ਲੁਹਾਰਾ ਵਾਸੀ ਸਾਹਿਲ, ਡਾਬਾ ਕਲੋਨੀ ਵਾਸੀ ਲੱਖਾ ਤੇ ਗੌਰਵ ਦੇ ਨਾਲ ਨਾਲ ਸੱਤ ਹੋਰਾਂ ਖਿਲਾਫ਼ ਕਤਲ ਦੀ ਕੋਸ਼ਿਸ਼ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਅਸ਼ੋਕ ਕੁਮਾਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਪੁੱਤਰ ਕੁਝ ਦਿਨ ਪਹਿਲਾਂ ਧਾਰਮਿਕ ਰੈਲੀ ’ਚ ਗਿਆ ਸੀ। ਉੱਥੇ ਮੁਲਜ਼ਮਾਂ ਦੇ ਮੋਟਰਸਾਈਕਲ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਦੇ ਨਾਲ ਉਸ ਦੀ ਬਹਿਸ ਹੋ ਗਈ, ਪਰ ਲੋਕਾਂ ਦੇ ਵਿੱਚ ਬਚਾਅ ਦੇ ਚੱਲਦੇ ਮਾਮਲਾ ਸ਼ਾਂਤ ਹੋ ਗਿਆ। 19 ਸਤੰਬਰ ਨੂੰ ਅਭਿਸ਼ੇਕ ਕਿਸੇ ਕੰਮ ਤੋਂ ਜਮਾਲਪੁਰ ਦੀ ਗੋਲ ਮਾਰਕੀਟ ਗਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਤੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਨਾਲ ਜ਼ਖਮੀ ਹੋ ਗਿਆ। ਜਾਂਚ ਅਧਿਕਾਰੀ ਸੋਹਨ ਲਾਲ ਨੇ ਦੱਸਿਆ ਕਿ ਮੁਲਜ਼ਮ ਹਾਲੇ ਫ਼ਰਾਰ ਹੈ, ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।