ਬਾਰਾਂ ਜਮਾਤਾਂ
27 ਸਤੰਬਰ ਨਜ਼ਰੀਆ ਪੰਨੇ ’ਤੇ ਸ਼ਿਵੰਦਰ ਦਾ ਮਿਡਲ ‘ਬੋਲਬਾਲਾ ਬਾਰਾਂ’ ਵਿਚ ਬਾਰਾਂ ਅੰਕਾਂ ਦੀ ਮਹੱਤਤਾ ਬਾਰੇ ਦੱਸਦਾ ਹੈ ਪਰ ਅੱਜ ਦੇ ਯੁੱਗ ਵਿਚ ਬਾਰਾਂ ਦੇ ਅਰਥ ਬਦਲੇ ਬਦਲੇ ਨਜ਼ਰ ਆਉਂਦੇ ਹਨ। ਬਾਰਾਂ ਜਮਾਤਾਂ ਬੱਚਾ ਲਗਾਤਾਰ ਪੜ੍ਹਦਾ ਹੈ, ਉਸ ਤੋਂ ਬਾਅਦ ਪੜ੍ਹਾਈ ਵਿਚ ਸਵਾਲੀਆ ਚਿੰਨ੍ਹ ਜਿਹਾ ਲੱਗ ਜਾਂਦਾ ਹੈ ਕਿ ਅੱਗੇ ਕੀ ਕਰੀਏ? ਹੁਣ ਜ਼ਿਆਦਾਤਰ ਬੱਚੇ ਬਾਰਾਂ ਜਮਾਤਾਂ ਪਾਸ ਕਰਨ ਤੋਂ ਬਾਅਦ ਆਈਲੈੱਟਸ ਕਰਕੇ ਬਾਹਰ ਜਾਣ ਦਾ ਫ਼ੈਸਲਾ ਹੀ ਠੀਕ ਸਮਝਦੇ ਹਨ। ਆਉਣ ਵਾਲੇ ਸਮੇਂ ਵਿਚ ਬਾਰਾਂ ਜਮਾਤਾਂ ਵੀ ਬਾਰਾਂ ਅੰਕਾਂ ਦੀ ਮਹੱਤਤਾ ਦੱਸਣਗੀਆਂ ਕਿ ਕਿਵੇਂ ਬਾਰਾਂ ਜਮਾਤਾਂ ਪੜ੍ਹਨ ਤੋਂ ਬਾਅਦ ਸਾਡੇ ਨੌਜਵਾਨਾਂ ਨੂੰ ਪਰਵਾਸ ਨੇ ਨਿਗਲ ਲਿਆ ਸੀ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)
ਪ੍ਰਦੂਸ਼ਣ ਦੀ ਮਾਰ
24 ਸਤੰਬਰ ਦਾ ਸੰਪਾਦਕੀ ‘ਪ੍ਰਦੂਸ਼ਣ ਦੀ ਸਮੱਸਿਆ’ ਪੜ੍ਹਿਆ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਪ੍ਰਦੂਸ਼ਣ ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣ ਕਾਰਨ 2080 ਕਰੋੜ ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਲਈ ਇਸ ਬਾਰੇ ਸਾਨੂੰ ਖੁੱਲ੍ਹ ਕੇ ਵਿਚਾਰਨਾ ਚਾਹੀਦਾ ਹੈ ਕਿ ਪ੍ਰਦੂਸ਼ਣ ਫੈਲਣ ਤੋਂ ਕਿਵੇਂ ਰੋਕਣਾ ਹੈ। ਪ੍ਰਦੂਸ਼ਣ ਨਾਲ ਧਰਤੀ ਹੇਠਲਾ ਤੇ ਉੱਪਰਲਾ ਪਾਣੀ, ਖੁਰਾਕ, ਹਵਾ, ਲੋੜੀਂਦੀਆਂ ਊਰਜਾਵਾਂ ਆਦਿ ਸਭ ਕੁਝ ਪਲੀਤ ਹੋ ਚੁੱਕਾ ਹੈ। ਪ੍ਰਦੂਸ਼ਣ ਹਵਾ ਦਾ ਹੋਵੇ ਜਾਂ ਮਿੱਟੀ ਦਾ, ਓਜ਼ੋਨ ਵਿਚ ਮਘੋਰੇ ਹੋਣ ਜਾਂ ਸ਼ੋਰ ਪ੍ਰਦੂਸ਼ਣ ਹੋਵੇ, ਇਨ੍ਹਾਂ ਸਾਰੇ ਪ੍ਰਦੂਸ਼ਣਾਂ ਕਰਕੇ ਮਨੁੱਖੀ ਹੋਂਦ ਖ਼ਤਰੇ ਵਿਚ ਹੈ। ਇਸ ਬਾਰੇ ਪੰਜਾਬ ਸਰਕਾਰ ਅਤੇ ਲੋਕਾਂ ਨੂੰ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ ਕਿ ਪ੍ਰਦੂਸ਼ਣ ਨੂੰ ਅਸੀਂ ਕਿਵੇਂ ਰੋਕੀਏ।
ਡਾ. ਨਰਿੰਦਰ ਭੱਪਰ, ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)
ਡਰ ਡਰ ਕੇ…
24 ਸਤੰਬਰ ਨੂੰ ਸਤਰੰਗ ਪੰਨੇ ’ਤੇ ਜਸਬੀਰ ਕੌਰ ਦੇ ਲੇਖ ‘ਐਵੇਂ ਡਰ ਡਰ ਕੇ ਵੀ ਕੀ ਜਿਊਣਾ’ ਦਾ ਸਿਰਲੇਖ ਤਾਂ ਦਿਲਚਸਪ ਹੈ ਲੇਕਿਨ ਇਸ ਪੱਖ ’ਚ ਕਈ ਦਲੀਲਾਂ ਸਹੀ ਨਹੀਂ। ਲੁਟੇਰੇ ਨੂੰ ਦੇਖ ਕੇ ਤਰੇਲੀਆਂ ਅਤੇ ਚੀਕਾਂ ਕਿਉਂ ਨਹੀਂ ਆਉਣਗੀਆਂ? ਇਕੱਲੇ ਨਾ ਜਾਣ ਦੀ ਸਲਾਹ, ਤਿਲਕ ਕੇ ਡਿੱਗਣ ਤੋਂ ਬਚਣ ਪਾਣੀ ਲਾਗੇ ਨਾ ਜਾਣ ਦੀ ਸਲਾਹ ਅਤੇ ਅਧਿਆਪਕਾਂ ਦੀ ਵਿਦਿਆਰਥੀਆਂ ਪ੍ਰਤੀ ਸਖ਼ਤੀ ਜਾਇਜ਼ ਹਨ। ਚੰਗਾ ਹੁੰਦਾ ਜੇ ਉੱਘੇ ਫਿਲਮ ਅਦਾਕਾਰ ਆਮਿਰ ਖ਼ਾਨ ਦੀ ਫਿਲਮ ‘ਪੀ ਕੇ’ ਦੇਖਣ ਅਤੇ ਇਬਰਾਹਿਮ ਟੀ ਕਾਵੂਰ ਦੀ ਕਿਤਾਬ ‘…ਤੇ ਦੇਵ ਪੁਰਸ਼ ਹਾਰ ਗਏ’ ਪੜ੍ਹਨ ਲਈ ਕਿਹਾ ਹੁੰਦਾ। ਮਸਲਾ ਤਾਂ ਅਜਿਹੀਆਂ ਗੱਲਾਂਬਾਤਾਂ ਰਾਹੀਂ ਮਸਲੇ ਨੂੰ ਉਭਾਰਨ ਦਾ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਖਿਡਾਰੀਆਂ ਨਾਲ ਜ਼ਿਆਦਤੀ
22 ਸਤੰਬਰ ਦਾ ਸੰਪਾਦਕੀ ‘ਖਿਡਾਰੀਆਂ ਨਾਲ ਜ਼ਿਆਦਤੀ’ ਪੜ੍ਹਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਖਾਣਾ ਰੱਖਣ ਵਾਸਤੇ ਪ੍ਰਬੰਧਕਾਂ ਨੂੰ ਪਾਖਾਨਾ ਹੀ ਮਿਲਿਆ ਸੀ? ਇਹ ਕਬੱਡੀ ਖਿਡਾਰਨਾਂ ਨਾਲ ਸਰਾਸਰ ਜ਼ਿਆਦਤੀ ਹੈ। ਉੱਤਰ ਪ੍ਰਦੇਸ਼ ਵਿਚ ਅਜਿਹੀਆਂ ਹੋਰ ਬਥੇਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਹਨ ਪਰ ਸਰਕਾਰ ਫਿਰ ਵੀ ਆਪਣੀ ਪਿੱਠ ਥਾਪੜਦੀ ਰਹਿੰਦੀ ਹੈ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)
ਪੇਂਡੂ ਮਜ਼ਦੂਰਾਂ ਦੀ ਹਕੀਕਤ
16 ਸਤੰਬਰ ਨੂੰ ਕਰਮ ਬਰਸਟ ਦਾ ਲੇਖ ‘ਪੰਜਾਬ ਦੇ ਪੇਂਡੂ ਮਜ਼ਦੂਰਾਂ ਦੀ ਦਸ਼ਾ ਅਤੇ ਦਿਸ਼ਾ’ ਜਾਣਕਾਰੀ ਭਰਪੂਰ ਲੇਖ ਹੈ। ਲੇਖਕ ਨੇ ਪੰਜਾਬ ਵਿਚ ਵਧ ਰਹੀ ਸਰਮਾਏਦਾਰੀ ਨਾਲ ਛੋਟੀ ਕਿਸਾਨੀ ਤੇ ਮਜ਼ਦੂਰਾਂ ਦੀ ਜ਼ਿੰਦਗੀ ਵਿਚ ਵਧ ਰਹੀਆਂ ਖੁ਼ਦਕੁਸ਼ੀਆਂ, ਅਨੇਕਾਂ ਹੋਰ ਔਕੜਾਂ, ਕਰਜ਼ਾ ਆਦਿ ਬਾਰੇ ਖੁੱਲ੍ਹ ਕੇ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਅੰਦਰ ਪੈਦਾ ਹੋਈਆਂ ਤਰੁੱਟੀਆਂ ਦਾ ਵੀ ਜ਼ਿਕਰ ਕੀਤਾ ਹੈ। ਇਸੇ ਦਿਨ ਦੀ ਸੰਪਾਦਕੀ ‘ਖੇਡਾਂ ਦਾ ਵਪਾਰੀਕਰਨ’ ਵਿਚ ਖੇਡਾਂ ਵਿਚ ਹੁੰਦੀ ਸਰਕਾਰੀ ਲੁੱਟ ਦਾ ਜ਼ਿਕਰ ਹੈ। ਠੀਕ ਹੀ ਖੇਡਾਂ ਹੁਣ ਨਿੱਜੀ ਫਾਇਦਿਆਂ ਤਕ ਸੀਮਤ ਹੋ ਗਈਆਂ ਹਨ।
ਮਨਮੋਹਨ ਸਿੰਘ, ਨਾਭਾ
ਪੁਰਾਣੇ ਬਨਾਮ ਨਵੇਂ ਪ੍ਰਾਜੈਕਟ
ਪੰਜਾਬੀ ਟ੍ਰਿਬਿਊਨ ਵਿਚ ਬਠਿੰਡਾ ਥਰਮਲ ਬਾਰੇ ਖ਼ਬਰ ਪੜ੍ਹੀ। ਖ਼ਬਰ ਅਨੁਸਾਰ ਕਾਂਗਰਸ ਸਰਕਾਰ ਸਮੇਂ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਥਰਮਲ ਨੂੰ ਬੰਦ ਕਰ ਕੇ ਇਸ ਦੀ ਥਾਂ ਡਰੱਗ ਪਾਰਕ ਦੀ ਤਜਵੀਜ਼ ਰੱਖੀ ਸੀ। ਉਨ੍ਹਾਂ ਦੀ ਇਸ ਯੋਜਨਾ ਕਾਰਨ ਜਿੱਥੇ ਪੰਜਾਬ ਨੇ ਆਪਣਾ ਇਕ ਤਾਪ ਬਿਜਲੀ ਘਰ ਗੁਆ ਦਿੱਤਾ, ਉੱਥੇ ਹੀ ਬਠਿੰਡਾ ਸ਼ਹਿਰ ਨੇ ਆਪਣੀ ਪਛਾਣ ਦਾ ਪ੍ਰਤੀਕ ਚਿਮਨੀਆਂ ਵਾਲਾ ਥਰਮਲ ਵੀ ਗੁਆ ਲਿਆ। ਇਸ ਤੋਂ ਇਲਾਵਾ ਕਿੰਨੇ ਹੀ ਲੋਕ ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਤਾਪ ਬਿਜਲੀ ਘਰ ਨਾਲ ਜੁੜੀ ਹੋਈ ਸੀ, ਉਹ ਵੀ ਜਾਂਦੀ ਰਹੀ; ਤੇ ਹੁਣ ਇਹ ਡਰੱਗ ਪਾਰਕ ਵੀ ਪੰਜਾਬ ਹੱਥੋਂ ਜਾਂਦਾ ਰਿਹਾ, ਪੜ੍ਹ ਕੇ ਮਨ ਦੁਖੀ ਹੋਇਆ ਅਤੇ ਸਾਡੇ ਸੁਘੜ ਸਿਆਣੇ ਸਾਬਕਾ ਖ਼ਜ਼ਾਨਾ ਮੰਤਰੀ ਦੀ ਕਾਰਜਸ਼ੈਲੀ ’ਤੇ ਵੀ ਹਾਸਾ ਆਇਆ। ਇਕ ਗੱਲ ਇਨ੍ਹਾਂ ਨੀਤੀ ਘਾੜਿਆਂ ਦੀ ਸਮਝ ਤੋਂ ਬਾਹਰ ਹੈ ਕਿ ਜੇ ਨਵਾਂ ਪ੍ਰਾਜੈਕਟ ਲਾਉਣਾ ਹੈ ਤਾਂ ਕਿਸੇ ਖਾਲੀ ਥਾਂ ’ਤੇ ਲਾਓ, ਪਹਿਨਾਂ ਬਣੇ ਪ੍ਰਾਜੈਕਟ ਨੂੰ ਬੰਦ ਕਰਕੇ ਹੀ ਨਵੇਂ ਲਾਉਣ ਦਾ ਕੀ ਮਤਲਬ ਹੋਇਆ? ਹੁਣ ਸਾਬਕਾ ਖਜ਼ਾਨਾ ਮੰਤਰੀ ਨੂੰ ਇਸ ਬਾਬਤ ਸਵਾਲ ਜ਼ਰੂਰ ਕਰਨਾ ਬਣਦਾ ਹੈ।
ਰਵੀ ਸ਼ੇਰਗਿੱਲ, ਪਿੰਡ ਦਾਨਗੜ੍ਹ (ਬਰਨਾਲਾ)
ਗੁਣੀ ਅਧਿਆਪਕ
30 ਸਤੰਬਰ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਨੇ ਅਧਿਆਪਕ ਸੁਨੀਲ ਕੁਮਾਰ ਬਾਰੇ ਲਿਖ ਕੇ ਚੰਗੇ ਅਧਿਆਪਕ ਦੇ ਗੁਣਾਂ ਦੀ ਰੂਪ ਰੇਖਾ ਇਸ ਲੇਖ ਵਿਚ ਪੇਸ਼ ਕੀਤੀ ਹੈ। ਇਹ ਲੇਖ ਉਨ੍ਹਾਂ ਅਧਿਆਪਕਾਂ ਲਈ ਮਾਰਗ ਦਰਸ਼ਕ ਹੈ ਜੋ ਇਸ ਰਾਹ ’ਤੇ ਚੱਲਣ ਦੀ ਤਾਂਘ ਰੱਖ ਸਕਦੇ ਹਨ। ਵਿਦਿਆਰਥੀਆਂ ਦਾ ਭਵਿੱਖ ਅਤੇ ਸ਼ਖ਼ਸੀਅਤ ਦੀ ਉਸਾਰੀ ਅਧਿਆਪਕਾਂ ’ਤੇ ਬਹੁਤ ਨਿਰਭਰ ਕਰਦੀ ਹੈ। ਸਾਰੀ ਜ਼ਿੰਦਗੀ ਕੰਮ ਆਉਣ ਵਾਲੀਆਂ ਮੁੱਢਲੀਆਂ ਜਾਣਕਾਰੀਆਂ ਅਧਿਆਪਕ ਹੀ ਉਨ੍ਹਾਂ ਨੂੰ ਦਿੰਦੇ ਹਨ। ਅੱਜ ਦੇ ਪਦਾਰਥਕ ਲਾਭਾਂ ਦੇ ਯੁੱਗ ਅਤੇ ਦੌੜ-ਭੱਜ ਵਾਲੀ ਜ਼ਿੰਦਗੀ ਦੌਰਾਨ ਅਜਿਹੇ ਵਿਅਕਤੀ ਬਹੁਤ ਮਹੱਤਵ ਰੱਖਦੇ ਹਨ।
ਡਾ. ਅਜੀਤਪਾਲ ਸਿੰਘ, ਬਠਿੰਡਾ