ਇਕਬਾਲ ਸ਼ਾਂਤ
ਲੰਬੀ, 25 ਅਪਰੈਲ
ਇਸ ਵਾਰ ਅਸਮਾਨੀ ਚੜ੍ਹੇ ਤੂੜੀ ਦੇ ਭਾਅ ਨੇ ਗ਼ਰੀਬ ਪਸ਼ੂ ਪਾਲਕਾਂ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਇਸ ਕਾਰਨ ਗ਼ਰੀਬਾਂ ਨੂੰ ਪਸ਼ੂ ਪਾਲਣੇ ਔਖੇ ਹੋ ਗਏ ਹਨ। ਇਸ ਦਾ ਵੱਡਾ ਅਸਰ ਸੂਬੇ ਵਿੱਚ ਦੁੱਧ ਉਦਪਾਦਨ ’ਤੇ ਵੀ ਹੋਵੇਗਾ। ਹਜ਼ਾਰਾਂ ਛੋਟੇ ਪਸ਼ੂ ਪਾਲਕਾਂ ਤੇ ਗ਼ਰੀਬ ਮਜ਼ਦੂਰਾਂ ਦੀ ਆਰਥਿਕਤਾ ਵੀ ਪ੍ਰਭਾਵਿਤ ਹੋਵੇਗੀ। ਗੁਆਂਢੀ ਸੂਬੇ ਹਰਿਆਣਾ ਦੀ ਸਰਕਾਰ ਨੇ ਤੂੜੀ ਸੂਬੇ ਤੋਂ ਬਾਹਰ ਭੇਜਣ ’ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਵਾਰ ਕਣਕ ਦਾ ਝਾੜ ਘਟਣ ਦੇ ਨਾਲ ਨਾਲ ਤੂੜੀ ਵੀ ਘੱਟ ਨਿਕਲ ਰਹੀ ਹੈ। ਖੇਤ ਮਜ਼ਦੂਰ ਰਾਮਪਾਲ ਗੱਗੜ ਨੇ ਕਿਹਾ ਕਿ ਬਾਜ਼ਾਰ ਵਿੱਚ ਜਮ੍ਹਾਂਖੋਰੀ ਕਾਰਨ ਤੂੜੀ ਦੇ ਭਾਅ ਦੁੱਗਣੇ ਹੋ ਗਏ ਹਨ। ਸਿੰਘੇਵਾਲਾ ਦੀ ਖੇਤ ਮਜ਼ਦੂਰ ਔਰਤ ਗੁਰਮੇਲ ਕੌਰ ਨੇ ਕਿਹਾ ਕਿ ਤੂੜੀ ਮਹਿੰਗੀ ਹੋਣ ਕਾਰਨ ਗ਼ਰੀਬ ਹੁਣ ਦੁੱਧ ਪੀਣ ਤੋਂ ਵਾਂਝੇ ਹੋ ਜਾਣਗੇ। ਤਾਰਾਵੰਤੀ ਨੇ ਕਿਹਾ ਕਿ ਸਰਕਾਰ ਨੂੰ ਗ਼ਰੀਬਾਂ ਦੀ ਬਾਂਹ ਫੜਨੀ ਚਾਹੀਦੀ ਹੈ। ਗਊਸ਼ਾਲਾਵਾਂ ਵਿੱਚ ਵੀ ਇਸ ਵਾਰ ਤੂੜੀ ਦਾ ਸੰਕਟ ਖੜ੍ਹਾ ਹੋਵੇਗਾ। ਪਿੰਡ ਰੱਤਾ ਟਿੱਬਾ ਵਿੱਚ ਸਥਿਤ ਜ਼ਿਲ੍ਹਾ ਪੱਧਰੀ ਗਊਸ਼ਾਲਾ ‘ਚ ਕਰੀਬ ਅੱਠ ਸੌ ਗਊਆਂ ਲਈ ਤੂੜੀ ਦੀ ਪ੍ਰਬੰਧ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਬਣ ਰਿਹਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਚੁਣੇ ਹੋਏ ਲੋਕ ਨੁਮਾਇੰਦਿਆਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਸੂਬੇ ‘ਚ ਤੂੜੀ ਦੀਆਂ ਕੰਟਰੋਲ ਕੀਮਤਾਂ ਤੈਅ ਕਰਨ ਤੇ ਜਮ੍ਹਾਂਖੋਰੀ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ।
ਰਾਜਸਥਾਨ ਦੀਆਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਦਾ ਵਫ਼ਦ ਸਿਰਸਾ ਪੁੱਜਾ
ਸਿਰਸਾ (ਪ੍ਰਭੂ ਦਿਆਲ): ਪ੍ਰਸ਼ਾਸਨ ਵੱਲੋਂ ਤੂੜੀ ਗੁਆਂਢੀ ਸੂਬਿਆਂ ਨੂੰ ਲਿਜਾਣ ’ਤੇ ਲਾਈ ਰੋਕ ਮਗਰੋਂ ਅੱਜ ਰਾਜਸਥਾਨ ਦਾ ਵਫ਼ਦ ਸਿਰਸਾ ਪੁੱਜਿਆ ਤੇ ਸੀਟੀਐਮ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਦੀ ਅਗਵਾਈ ਨੌਹਰ ਤੋਂ ਵਿਧਾਇਕ ਬਲਵਾਨ ਪੂਨੀਆ ਤੇ ਨੌਹਰ ਭਾਦਰਾ ਗਊਸ਼ਲਾ ਦੇ ਆਗੂਆਂ ਨੇ ਕੀਤੀ। ਵਫ਼ਦ ਨੇ ਦੱਸਿਆ ਹੈ ਕਿ ਰਾਜਸਥਾਨ ’ਚ ਕਣਕ ਦੀ ਬਿਜਾਈ ਬਹੁਤ ਘੱਟ ਹੁੰਦੀ ਹੈ। ਇਸ ਕਾਰਨ ਇੱਥੋਂ ਦੇ ਪਸ਼ੂ ਪਾਲਕ ਤੇ ਗਊਸ਼ਾਲਾਵਾਂ ਦੇ ਸੰਚਾਲਕ ਤੂੜੀ ਗੁਆਂਢੀ ਸੂਬਿਆਂ ਤੋਂ ਲੈਂਦੇ ਰਹਿੰਦੇ ਹਨ। ਇਸ ਵਾਰ ਗੁਆਂਢੀ ਸੂਬਿਆਂ ਨੂੰ ਤੂੜੀ ਭੇਜਣ ’ਤੇ ਰੋਕ ਲਾਉਣ ਕਾਰਨ ਰਾਜਸਥਾਨ ਦੇ ਕਿਸਾਨ-ਮਜ਼ਦੂਰ ਤੇ ਗਊਸ਼ਾਲਾਵਾਂ ਲਈ ਤੂੜੀ ਸਮੱਸਿਆ ਬਣ ਗਈ ਹੈ। ਤੂੜੀ ਨਾ ਮਿਲਣ ’ਤੇ ਵੱਡੀ ਗਿਣਤੀ ਪਸ਼ੂ ਭੁੱਖ ਨਾਲ ਮਰ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਤੂੜੀ ’ਤੇ ਲਾਈ ਰੋਕ ਹਟਾਈ ਜਾਵੇ।