ਰਾਜਿੰਦਰ ਵਰਮਾ
ਭਦੌੜ, 25 ਅਪਰੈਲ
ਸਿਵਲ ਹਸਪਤਾਲ ਭਦੌੜ ਵਿੱਚੋਂ ਨਸ਼ੇ ਤੋਂ ਛੁਟਕਾਰਾ ਦਿਵਾਉਣ ਵਾਲੀ ਗੋਲੀ ਨਾ ਮਿਲਣ ਕਾਰਨ ਨਸ਼ੇੜੀਆਂ ਨੇ ਬਾਜਾਖਾਨਾ-ਬਰਨਾਲਾ ਮੁੱਖ ਮਾਰਗ ’ਤੇ ਧਰਨਾ ਮਾਰ ਕੇ ਪੰਜਾਬ ਬਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਨੇ ‘ਆਪ’ ਦੇ ਚੋਣ ਨਿਸ਼ਾਨ ਝਾੜੂ ਨੂੰ ਅੱਗ ਲਗਾ ਕੇ ਵਿਰੋਧ ਦਰਜ ਕਰਵਾਇਆ।
ਧਰਨੇ ’ਤੇ ਬੈਠੇ ਗੋਰਾ ਸਿੰਘ ਭਦੌੜ, ਗੋਪੀ ਸਿੰਘ, ਬਿਕਰਮ ਸਿੰਘ, ਸੰਪੂਰਨ ਸਿੰਘ, ਬਚਿੱਤਰ ਸਿੰਘ, ਪਰਗਟ ਸਿੰਘ ਜੰਗੀਆਣਾ, ਤਾਰ ਸਿੰਘ ਮੱਝੂਕੇ, ਅਮਰਜੀਤ ਸਿੰਘ ਰਾਮਗੜ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ’ਚੋਂ ਪੂਰੇ ਹਫ਼ਤੇ ਦੀ ਦਵਾਈ ਮਿਲਦੀ ਸੀ, ਪਰ ਹੁਣ ਇੱਕ ਦਿਨ ਦੀ ਹੀ ਦਵਾਈ ਦਿੱਤੀ ਜਾ ਰਹੀ ਸੀ ਜੋ ਦੋ ਦਿਨ ਤੋਂ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਸਾਰੀ ਦਿਹਾੜੀ ਗੋਲੀ ਲੈਣ ਲਈ ਹਸਪਤਾਲ ਵਿੱਚ ਹੀ ਲੰਘ ਜਾਂਦੀ ਹੈ।
ਇਸ ਸਬੰਧੀ ਸਿਹਤ ਵਿਭਾਗ ਦੇ ਚੀਫ ਫਾਰਮਾਸਿਸਟ ਖੁਸ਼ਦੇਵ ਬਾਂਸਲ ਨੇ ਕਿਹਾ ਕਿ ਉਨ੍ਹਾਂ ਕੋਲ 1600 ਵਿਅਕਤੀ ਰਜਿਸਟਰ ਹਨ। ਇਸ ਮੁਤਾਬਿਕ ਦਵਾਈ ਦੀ ਮਾਤਰਾ ਆ ਰਹੀ ਹੈ। ਕੱਲ੍ਹ ਦਵਾਈ ਨਾ ਆਉਣ ਕਰ ਕੇ ਗੋਲੀਆਂ ਨਹੀਂ ਦਿੱਤੀਆਂ ਜਾ ਸਕੀਆਂ। ਇਸ ਮੌਕੇ ਦਵਾਈ ਪੁੱਜਣ ਮਗਰੋਂ ਨਾਇਬ ਤਹਿਸੀਲਦਾਰ ਪ੍ਰਬੋਧ ਚੰਦਰ, ਡਾ. ਮਨਦੀਪ ਸ਼ਰਮਾ ਤੇ ਥਾਣਾ ਮੁਖੀ ਬਲਤੇਜ ਸਿੰਘ ਨੇ ਧਰਨਾਕਾਰੀਆਂ ਨੂੰ ਦਵਾਈ ਦਿਵਾ ਕੇ ਧਰਨਾ ਸਮਾਪਤ ਕਰਵਾਇਆ।
ਕਾਂਗੜ ਨੇ ਸਰਕਾਰ ’ਤੇ ਚੁੱਕੇ ਸਵਾਲ
ਇਸ ਮੌਕੇ ਇੱਥੋਂ ਲੰਘ ਰਹੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗਲੀ ਮੁਹੱਲਿਆਂ ’ਚ ਕਲੀਨਿਕ ਖੋਲ੍ਹਣ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਨਸ਼ੇ ਛੁਡਾਉਣ ਵਾਲੀ ਦਵਾਈ ਦੀ ਸਪਲਾਈ ਵੀ ਪੂਰੀ ਨਹੀਂ ਦੇ ਰਹੀ।