ਖੇਤਰੀ ਪ੍ਰਤੀਨਿਧ
ਬਰਨਾਲਾ, 10 ਨਵੰਬਰ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਧਰਨੇ ’ਚ ਅੱਜ ਬੁਲਾਰਿਆਂ ਨੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦਿੱਲੀ ਵੱਲੋਂ ਕੀਤੇ ਫੈਸਲਿਆਂ ਬਾਰੇ ਚਰਚਾ ਕੀਤੀ ਤੇ ਵੱਡੇ ਕਾਫਲੇ ਦਿੱਲੀ ਮੋਰਚਿਆਂ ਲਈ ਭੇਜਣ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਨ, ਵਾਲੰਟੀਅਰਾਂ ਦੀਆਂ ਲਿਸਟਾਂ ਬਣਾਉਣ ਅਤੇ ਦੂਸਰੇ ਇੰਤਜ਼ਾਮਾਂ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕ 26 ਨੂੰ ਦਿੱਲੀ ਮੋਰਚੇ ਦੀ ਪਹਿਲੀ ਵਰ੍ਹੇਗੰਢ ਮਨਾਉਣ ਦੀ ਵਿਉਂਤਬੰਦੀ ਵਿੱਢੀ ਗਈ। 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਸ਼ੈਸਨ ਦੌਰਾਨ ਸੰਸਦ ਮੂਹਰੇ ਪ੍ਰਦਰਸ਼ਨ ਲਈ ਹਰ ਰੋਜ਼ 500 ਕਿਸਾਨਾਂ ਦੇ ਜਥੇ ’ਚ ਲਗਾਤਾਰ ਸ਼ਮੂਲੀਅਤ ਲਈ ਵਾਲੰਟੀਅਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਪੇਂਡੂ ਝੋਨਾ ਮੰਡੀਆਂ ਬੰਦ ਕਰਨ ਦੇ ਸਰਕਾਰੀ ਫੈਸਲੇ ਦੀ ਨਿਖੇਧੀ ਕੀਤੀ ਅਤੇ ਇਹ ਨਾਦਰਸ਼ਾਹੀ ਫਰਮਾਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਹਰਚਰਨ ਸਿੰਘ ਚੰਨਾ, ਨਛੱਤਰ ਸਿੰਘ ਸਾਹੌਰ, ਗੁਰਚਰਨ ਸਿੰਘ ਸਰਪੰਚ ਨੇ ਸੰਬੋਧਨ ਕੀਤਾ।ਆਗੂਆਂ ਕਿਹਾ ਕਿ ਜੇ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਭੁੱਖਮਰੀ ਤੇ ਕੁਪੋਸ਼ਣ ਦੀ ਇਹ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ। ਅਜਮੇਰ ਅਕਲੀਆ ਤੇ ਸਰਦਾਰਾ ਸਿੰਘ ਮੌੜ ਨੇ ਇਨਕਲਾਬੀ ਗੀਤ ਅਤੇ ਰਾਜਵਿੰਦਰ ਸਿੰਘ ਮੱਲ੍ਹੀ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਗਾਇਣ ਕਰ ਕੇ ਪੰਡਾਲ ’ਚ ਜੋਸ਼ ਭਰਿਆ।