ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਪਰੈਲ
ਇੱਥੇ ਉਭਾਵਾਲ ਰੋਡ ’ਤੇ ਰੇਲਵੇ ਫਾਟਕ ਨੇੜੇ ਖੁੱਲ੍ਹੇ ਗੁਦਾਮ ਵਿੱਚ ਕਣਕ ਦਾ ਭੰਡਾਰ ਲਗਾਉਣ ਦਾ ਨੇੜਲੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੇ ਵਿਰੋਧ ਕਰਦਿਆਂ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ ਗਈ। ਲੋਕਾਂ ਦਾ ਕਹਿਣਾ ਸੀ ਕਿ ਖੁੱਲ੍ਹੇ ਗੁਦਾਮ ’ਚ ਕਣਕ ਦਾ ਭੰਡਾਰ ਲਗਾਉਣ ਨਾਲ ਸੁਸਰੀ ਪੈਦਾ ਹੁੰਦੀ ਹੈ ਜਿਸ ਨਾਲ ਲੋਕਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ। ਲੋਕਾਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਕਣਕ ਦੇ ਭੰਡਾਰ ਨਹੀਂ ਲਗਾਉਣ ਦੇਣਗੇ।
ਉਭਾਵਾਲ ਰੋਡ ਦੇ ਵਸਨੀਕਾਂ ਮਿੱਠੂ ਸਿੰਘ, ਰਵੀ ਕੁਮਾਰ, ਵਿਕਰਮ ਕੁਮਾਰ, ਸੋਨਾ, ਜੈਕੀ, ਬਿਮਲਾ ਤੇ ਰਾਣੀ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ ਨੇੜੇ ਖੁੱਲ੍ਹੇ ’ਚ ਕਣਕ ਦਾ ਭੰਡਾਰ ਲਗਾਇਆ ਗਿਆ ਹੈ ਜਿਸ ਨਾਲ ਲੋਕਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਣਕ ਉੱਪਰ ਦਵਾਈ ਪਾਈ ਜਾਂਦੀ ਹੈ ਤਾਂ ਹਵਾ ਚੱਲਣ ਨਾਲ ਆਉਂਦੀ ਮੁਸ਼ਕ ਨਾਲ ਲੋਕਾਂ ਨੂੰ ਘਰਾਂ ਵਿੱਚ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਵੱਡੀ ਤਾਦਾਦ ’ਚ ਸੁਸਰੀ ਪੈਦਾ ਹੋ ਜਾਂਦੀ ਹੈ ਜੋ ਲੋਕਾਂ ਦੇ ਘਰਾਂ ’ਚ ਦਾਖਲ ਹੋ ਜਾਂਦੀ ਹੈ। ਸੁਸਰੀ ਕਾਰਨ ਲੋਕਾਂ ਨੂੰ ਘਰਾਂ ਵਿੱਚ ਬੈਠ ਕੇ ਰੋਟੀ ਖਾਣੀ ਵੀ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਵਿਰੋਧ ਕਰਦੇ ਹਨ ਅਤੇ ਕਿਸੇ ਵੀ ਹਾਲਤ ਵਿੱਚ ਖੁੱਲ੍ਹੇ ’ਚ ਕਣਕ ਦਾ ਭੰਡਾਰ ਨਹੀਂ ਲੱਗਣ ਦੇਣਗੇ। ਲੋਕਾਂ ਨੇ ਕਿਹਾ ਕਿ ਖੁੱਲ੍ਹੇ ਗੁਦਾਮ ਦੀ ਨਾ ਚਾਰਦੀਵਾਰੀ ਹੈ, ਨਾ ਕੋਈ ਛੱਤ ਹੈ ਅਤੇ ਨਾ ਇਮਾਰਤ ਹੈ। ਲੋਕਾਂ ਦੇ ਵਿਰੋਧ ਦਾ ਪਤਾ ਲੱਗਦਿਆਂ ਹੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਮੌਕੇ ’ਤੇ ਪੁੱਜੇ ਜਿਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਵਿਧਾਇਕ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕਰ ਦਿੱਤੀ ਗਈ ਹੈ ਅਤੇ ਇਥੇ ਖੁੱਲ੍ਹੇ ’ਚ ਅਨਾਜ ਨਹੀਂ ਲਗਾਇਆ ਜਾਵੇਗਾ।