ਪੱਤਰ ਪ੍ਰੇਰਕ
ਕੁਰਾਲੀ, 26 ਜੂਨ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਪੰਜਾਬ ਸਰਕਾਰ ਵੱਲੋਂ ਕਸਬਾ ਖਿਜ਼ਰਾਬਾਦ ਦੀ ਆਯੁਰਵੈਦਿਕ ਡਿਸਪੈਂਸਰੀ ਦੀ ਜਲਦੀ ਹੀ ਨਵੀਂ ਇਮਾਰਤ ਬਣਾਈ ਜਾਵੇਗੀ ਤੇ ਘਾੜ ਦੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਸਿਹਤ ਸਹੂਲਤਾਂ ਦੇਣ ਸਰਕਾਰ ਵਚਨਬੱਧ ਹੈ। ਖਿਜ਼ਰਾਬਾਦ ਵਿੱਚ ਰਾਣਾ ਕੁਸ਼ਲਪਾਲ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਪੁੱਜੇ ਸ੍ਰੀ ਸਿੱਧੂ ਨੇ ਕਿਹਾ ਕਿ ਖਿਜ਼ਰਾਬਾਦ ਦੀ ਇਸ ਆਯੁਰਵੈਦਿਕ ਡਿਸਪੈਂਸਰੀ ਦੀ ਇਮਾਰਤ ਬਹੁਤ ਹੀ ਪੁਰਾਣੀ ਅਤੇ ਖੰਡਰ ਹੋ ਚੁੱਕੀ ਹੈ ਅਤੇ ਜਲਦੀ ਹੀ ਇਸ ਦੀ ਥਾਂ ਸਰਕਾਰ ਵੱਲੋਂ ਨਵੀਂ ਇਮਾਰਤ ਬਣਵਾਈ ਜਾਵੇਗੀ। ਉਨ੍ਹਾਂ ਨੇ ਮੌਕੇ ’ਤੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਡਿਸਪੈਂਸਰੀ ਦੀ ਇਮਾਰਤ ਸਬੰਧੀ ਐਸਟੀਮੇਟ ਬਣਾਉਣ ਲਈ ਕਿਹਾ। ਇਸ ਮੌਕੇ ਸਰਪੰਚ ਜਸਵੀਰ ਕੌਰ, ਸਮਿਤੀ ਮੈਂਬਰ ਸੰਦੀਪ ਕੌਰ ਨੇ ਡਿਸਪੈਂਸਰੀ ਵਿੱਚ ਅੱਖਾਂ ਦੇ ਡਾਕਟਰ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।