ਮੁੰਬਈ: ਅਦਾਕਾਰ ਜੈਕੀ ਸ਼ਰੌਫ਼ ਨੇ ਕਿਹਾ ਕਿ ਉਸ ਦਾ ਪ੍ਰਸੰਗਿਕ ਬਣੇ ਰਹਿਣ ਦਾ ਮੰਤਰ ਬਹੁਤ ਹੀ ਸਰਲ ਹੈ। ਅਦਾਕਾਰ ਨੇ ਕਿਹਾ, ‘‘ਮੇਰਾ ਪ੍ਰਸੰਗਿਕ ਬਣੇ ਰਹਿਣ ਦਾ ਮੰਤਰ ਬਹੁਤ ਹੀ ਸੌਖਾ ਹੈ, ਇਸ ਲਈ ਸਿਰਫ਼ ਦਿਮਾਗ਼ ਖੁੱਲ੍ਹਾ ਰੱਖਣਾ ਹੈ ਅਤੇ ਮੌਕੇ ਖੁਦ ਆਉਣਗੇ। ਹਾਲਾਂਕਿ ਮੈਂ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ, ਪਰ ਇਸ ਵਾਰ ਮੈਂ ਕੁਝ ਹਲਕਾ-ਫੁਲਕਾ ਕਰਨਾ ਚਾਹੁੰਦਾ ਹਾਂ।’’ ਜੈਕੀ ਨੇ ਕਿਹਾ ‘‘ਫਿਲਮ ‘ਰਾਧੇ’ ਨਾਲ ਮੈਨੂੰ ਲੋਕਾਂ ਨੂੰ ਹਸਾਉਣ ਦਾ ਮੌਕਾ ਮਿਲਿਆ ਹੈ। ਮੈਂ ਅਜਿਹੀਆਂ ਹੋਰ ਭੂਮਿਕਾਵਾਂ ਨਿਭਾਉਣ ਲਈ ਉਤਸ਼ਾਹਿਤ ਹੋਇਆ ਹਾਂ।’’ ‘ਰਾਧੇ’ ਫ਼ਿਲਮ ਵਿੱਚ ਜੈਕੀ ਸ਼ਰੌਫ਼ ਨਾਲ ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਵੀ ਹਨ। ਜੈਕੀ ਨੇ ਕਿਹਾ ਕਿ ਉਹ ਇਸ ‘ਦਬੰਗ’ ਅਦਾਕਾਰ ਨੂੰ ਸਾਲਾਂ ਤੋਂ ਜਾਣਦਾ ਹੈ। ਉਨ੍ਹਾਂ ਕਿਹਾ, ‘‘ਮੈਂ ਸਲਮਾਨ ਨੂੰ ਫ਼ਿਲਮ ਜਗਤ ਵਿੱਚ ਆਉਣ ਦੇ ਸ਼ੁਰੂਆਤੀ ਦਿਨਾਂ ਤੋਂ ਜਾਣਦਾ ਹਾਂ ਅਤੇ ਉਸ ਨਾਲ ਕੰਮ ਕਰਕੇ ਹਮੇਸ਼ਾ ਖ਼ੁਸ਼ੀ ਮਿਲਦੀ ਹੈ।’’ ‘ਰਾਧੇ’ ਫ਼ਿਲਮ ਦਾ ਪ੍ਰੀਮੀਅਰ ਐਂਡ ਪਿਕਚਰ ’ਤੇ 26 ਸਤੰਬਰ ਨੂੰ ਹੋਵੇਗਾ। -ਆਈਏਐੱਨਐੱਸ