ਸੁਰਿੰਦਰ ਸਿੰਘ ਤੇਜ
ਜੁਲਾਈ 1879 ’ਚ ਇੰਗਲੈਂਡ ਵਿਚ ਇਕ ਕਿਤਾਬ ਛਪੀ। ਮਹਾਂਕਾਵਿ ਰੂਪੀ ਇਸ ਕਿਤਾਬ ਦਾ ਨਾਮ ਸੀ ‘ਦਿ ਲਾਈਟ ਆਫ਼ ਏਸ਼ੀਆ’ (ਏਸ਼ੀਆ ਦਾ ਚਾਨਣ)। ਮਹਾਤਮਾ ਬੁੱਧ ਦੇ ਜੀਵਨ, ਨਿਰਵਾਣ ਪ੍ਰਾਪਤੀ ਅਤੇ ਸਿੱਖਿਆਵਾਂ ਦਾ ਬਿਰਤਾਂਤ ਸੀ ਇਹ ਕਿਤਾਬ। ਇਸ ਦਾ ਰਚੇਤਾ ਸੀ ਅਕਾਦਮੀਸ਼ਨ ਤੇ ਪੱਤਰਕਾਰ ਐਡਵਿਨ ਆਰਨਲਡ। ਯੂਰੋਪੀਅਨ ਰਾਜਸੀ, ਸਮਾਜਿਕ, ਆਰਥਿਕ ਤੇ ਸਭਿਆਚਾਰਕ ਚੜ੍ਹਤ ਦਾ ਦੌਰ ਸੀ ਉਹ। ਬ੍ਰਿਟਿਸ਼ ਸਾਮਰਾਜਵਾਦ ਦੀ ਤਰਜ਼ ’ਤੇ ਯੂਰੋਪੀਅਨ ਸਾਮਰਾਜਵਾਦ ਵੀ ਏਸ਼ੀਆ ਤੇ ਅਫ਼ਰੀਕਾ ਵਿਚ ਪੈਰ ਪਸਾਰ ਚੁੱਕਾ ਸੀ। ਲਾਤੀਨੀ ਅਮਰੀਕਾ ਉੱਤੇ ਤਾਂ ਪਹਿਲਾਂ ਹੀ ਸਪੇਨ-ਪੁਰਤਗਾਲ ਦਾ ਕਬਜ਼ਾ ਸੀ। 1870 ਤਕ ਬੈਲਜੀਅਮ ਤੇ ਲਗਜ਼ਮਬਰਗ ਵਰਗੇ ਨਿੱਕੇ ਨਿੱਕੇ ਮੁਲਕ ਵੀ ਅਫ਼ਰੀਕੀ ਬਸਤੀਆਂ ਦੇ ਮਾਲਕ ਬਣ ਬੈਠੇ ਸਨ। ਅਨਮੋਲ ਧਾਤਾਂ, ਕੋਇਲੇ, ਹੀਰਿਆਂ ਅਤੇ ਭਰਪੂਰ ਖੇਤੀ ਉਤਪਾਦਾਂ ਦੇ ਰੂਪ ਵਿਚ ਧਨ-ਦੌਲਤ ਦੇ ਜ਼ਖ਼ੀਰੇ ਯੂਰੋਪ ਪਹੁੰਚ ਰਹੇ ਸਨ। ਜਦੋਂ ਪੱਲੇ ਦੌਲਤ ਹੋਵੇ ਤਾਂ ਕਲਾਵਾਂ ਤੇ ਸਭਿਆਚਾਰਾਂ ਨਾਲ ਮੋਹ ਖ਼ੁਦ-ਬਖ਼ੁਦ ਉਗਮ ਪੈਂਦਾ ਹੈ। ‘ਲਾਈਟ ਆਫ਼ ਏਸ਼ੀਆ’ ਇਸੇ ਮੋਹ ਦੀ ਪੈਦਾਇਸ਼ ਸੀ। ਇਸ ਕਿਤਾਬ ਦੇ ਪਹਿਲੇ ਐਡੀਸ਼ਨ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ, ਪਰ 1885 ਵਿਚ ਛਪੇ ਦੂਜੇ ਐਡੀਸ਼ਨ ‘ਲਾਈਟ ਆਫ਼ ਏਸ਼ੀਆ (ਉਰਫ਼ ਮਹਾਭਿਨਿਸ਼ਕ੍ਰਮਣ) ਨੇ ਆਰਨਲਡ ਦਾ ਜਹਾਨ, ਗੁਲਜ਼ਾਰ ਬਣਾ ਦਿੱਤਾ। ਇਹ ਮਹਾਂਕਾਵਿ ਮਲਿਕਾ ਵਿਕਟੋਰੀਆ ਨੂੰ ਵੀ ਪਸੰਦ ਆਇਆ ਅਤੇ ਉਸ ਯੁੱਗ ਦੇ ਸਿਆਸੀ-ਸਮਾਜਿਕ ਸਿਧਾਂਤਕਾਰਾਂ ਨੂੰ ਵੀ।
ਕਾਵਿਕ ਮਿਆਰਾਂ ਪੱਖੋਂ ਇਹ ਨਾ ਹੋਮਰ ਦੇ ‘ਇਲੀਅਡ’ ਵਰਗਾ ਸ਼ਾਹਕਾਰ ਸੀ, ਨਾ ਹੀ ਤੱਤਕਾਲੀ ਰਾਜ-ਕਵੀ ਲਾਰਡ (ਅਲਫਰੈੱਡ) ਟੈਨੀਸਨ ਦੇ ‘ਇਨ ਮੈਮੋਰੀਅਮ’ ਵਰਗਾ, ਅਤੇ ਨਾ ਹੀ ਟੀ.ਐੱਸ. ਐਲੀਅਟ ਦੀ ਚਾਰ ਦਸ਼ਕ ਬਾਅਦ ਛਪੀ ਬਾਕਮਾਲ ਰਚਨਾ ‘ਦਿ ਵੇਸਟਲੈਂਡ’ ਵਰਗਾ। ਫਿਰ ਵੀ ਇਸ ਦੀ ਆਭਾ ਤੇ ਚਰਚਾ ਉਨ੍ਹੀਂ ਦਿਨੀਂ ਖ਼ੂਬ ਰਹੀ। ਯੂਰੋਪੀਅਨ ਦਾਰਸ਼ਨਿਕਾਂ ਤੇ ਸਿਧਾਂਤਕਾਰਾਂ ਨੇ ਇਸ ਨੂੰ ਭਰਪੂਰ ਸਲਾਹਿਆ; ਪੂਰਬੀ ਏਸ਼ਿਆਈ ਤੇ ਦੱਖਣੀ ਏਸ਼ਿਆਈ ਦਾਰਸ਼ਨਿਕ, ਰਾਜਨੀਤੀਵਾਨ, ਸਮਾਜ ਸ਼ਾਸਤਰੀ ਤੇ ਸਾਇੰਸਦਾਨ ਵੀ ਗਦਗਦ ਹੋ ਉੱਠੇ। ਇਹ ਮੰਨਿਆ ਗਿਆ ਹੈ ਕਿ ਬੁੱਧ ਤੇ ਉਸ ਦੇ ਮੱਤ ਦੀ ਜਿੰਨੀ ਸਰਲ, ਸਹਿਜ ਤੇ ਸੁਹਜਮਈ ਵਿਆਖਿਆ ‘ਲਾਈਟ ਆਫ਼ ਏਸ਼ੀਆ’ ਨੇ ਕੀਤੀ, ਓਨੀ ਕਿਸੇ ਵੀ ਹੋਰ ਧਰਮ ਗ੍ਰੰਥ ਜਾਂ ਪੁਸਤਕ ਨੇ ਨਹੀਂ ਕੀਤੀ। ਅਮਰੀਕਾ, ਬ੍ਰਿਟੇਨ ਤੇ ਯੂਰੋਪ ਦੇ ਸਮਾਜਿਕ-ਅਕਾਦਮਿਕ ਹਲਕਿਆਂ ਵਿਚ ਬੁੱਧ ਮੱਤ ਪ੍ਰਤੀ ਨਵੀਂ ਦਿਲਚਸਪੀ ਜਾਗੀ। ਚੀਨ, ਜਪਾਨ, ਕੋਰੀਆ, ਹਿੰਦ-ਚੀਨ (ਵੀਅਤਨਾਮ, ਕੰਬੋਡੀਆ, ਲਾਓਸ) ਸਿਆਮ (ਥਾਈਲੈਂਡ) ਤੇ ਬਰਮਾ ਵਿਚਲੇ ਇਸ ਧਰਮ ਦੇ ਪ੍ਰਚਾਰਕਾਂ ਵਿਚ ਨਵੇਂ ਖ਼ੂਨ ਦਾ ਸੰਚਾਰ ਹੋਇਆ। ਤਿੱਬਤ ਦੇ ਮਹਾਂਯਾਨੀ ਬੋਧਵਾਦ ਨੂੰ ਨਵੇਂ ਉਪਾਸ਼ਕ ਤੇ ਪੈਰੋਕਾਰ ਮਿਲੇ ਅਤੇ ਭਾਰਤ ਵਿਚ ਵੀ ਬੁੱਧ ਮੱਤ ਨੂੰ ਹਿੰਦੂਵਾਦੀ ਗ੍ਰਿਫ਼ਤ ’ਚੋਂ ਮੁਕਤ ਕਰਵਾਉਣ ਦੀ ਮੰਗ ਉੱਠਣ ਲੱਗੀ। ਭਾਰਤੀ ਨੀਤੀਵੇਤਾਵਾਂ ਤੇ ਸੁਧਾਰਕਾਂ, ਖ਼ਾਸ ਤੌਰ ’ਤੇ ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ, ਲੋਕਮਾਨਿਆ ਤਿਲਕ, ਗੋਪਾਲ ਕ੍ਰਿਸ਼ਨ ਗੋਖ਼ਲੇ ਅਤੇ ਇਨ੍ਹਾਂ ਤੋਂ ਅਗਲੀ ਪੀੜ੍ਹੀ ਦੇ ਰਾਜਨੀਤੀਵਾਨਾਂ- ਜਵਾਹਰਲਾਲ ਨਹਿਰੂ ਤੇ ਬਾਬਾ ਸਾਹਿਬ ਅੰਬੇਡਕਰ ਅਤੇ ਫਿਰ ਇੰਦਰਾ ਗਾਂਧੀ ਨੂੰ ਇਸ ਕਿਤਾਬ ਨੇ ਸਿੱਧੇ-ਅਸਿੱਧੇ ਰੂਪ ਵਿਚ ਪ੍ਰਭਾਵਿਤ ਕੀਤਾ। ਬੋਧ ਗਯਾ ਨੂੰ ਹਿੰਦੂ ਤੀਰਥ ਦੀ ਥਾਂ ਬੋਧੀਆਂ ਦੇ ਮੱਕੇ ਵਾਲਾ ਮੁਕਾਮ ਦਿਵਾਉਣ ਦੀ ਲਹਿਰ ਵੀ ਸ੍ਰੀਲੰਕਨ ਪ੍ਰਚਾਰਕ-ਸੁਧਾਰਕ ਅਨਾਗਰਿਕ ਧਰਮਪਾਲ ਦੇ ਯਤਨਾਂ ਸਦਕਾ ‘ਲਾਈਟ ਆਫ਼ ਏਸ਼ੀਆ’ ਦੀ ਬਦੌਲਤ ਹੀ ਸ਼ੁਰੂ ਹੋਈ। 1880ਵਿਆਂ ਦੇ ਇਹ, ਉਹ ਦਿਨ ਸਨ ਜਦੋਂ ਅਯੁੱਧਿਆ ’ਚ ਬਾਬਰੀ ਮਸਜਿਦ-ਰਾਮ ਜਨਮਭੂਮੀ ਵਿਵਾਦ ਸਿਰ ਚੁੱਕ ਰਿਹਾ ਸੀ। ਬਾਬਰੀ ਤੇ ਬੋਧ ਗਯਾ ਵਿਵਾਦ ਲੰਮਾ ਸਮਾਂ ਚੱਲੇ। ਫ਼ਰਕ ਇਹ ਰਿਹਾ ਕਿ ਬੋਧ ਗਯਾ ਵਿਵਾਦ 1953 ਵਿਚ ਪੁਰਅਮਨ ਤੇ ਪੁਰਖ਼ਲੂਸ ਢੰਗ ਨਾਲ ਸੁੁਲਝ ਗਿਆ। ਬਾਬਰੀ ਵਿਵਾਦ ਵੋਟ ਰਾਜਨੀਤੀ ਅਤੇ ਬਹੁਗਿਣਤੀ ਫ਼ਿਰਕੇ ਦੀ ਧੌਂਸਵਾਦੀ ਪਹੁੰਚ ਕਾਰਨ ਤ੍ਰਾਸਦਿਕ ਪੜਾਵਾਂ ਨਾਲ ਜੂਝਦਾ ਰਿਹਾ।
ਇਸ ਸਮੁੱਚੇ ਬਿਰਤਾਂਤ ਨੂੰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ‘ਦਿ ਲਾਈਟ ਆਫ਼ ਏਸ਼ੀਆ: ਦਿ ਪੋਇਮ ਦੈਟ ਡਿਫਾਈਨਡ ਦਿ ਬੁੱਧਾ’ (ਏਸ਼ੀਆ ਦਾ ਚਾਨਣ: ਬੁੱਧ ਨੂੰ ਮੁੜ-ਸਾਕਾਰ ਕਰਨ ਵਾਲੀ ਕਵਿਤਾ; ਪੈਂਗੁਇਨ ਵਾਈਕਿੰਗ; 457 ਪੰਨੇ; 799 ਰੁਪਏ) ਵਿਚ ਬੜੇ ਸਜੀਵ ਢੰਗ ਨਾਲ ਪੇਸ਼ ਕੀਤਾ ਹੈ। ਬਾਕਮਾਲ ਹੈ ਇਹ ਉਪਰਾਲਾ। ਦਰਅਸਲ, ਤਿੰਨ ਜੀਵਨੀਆਂ ਪੇਸ਼ ਕਰਦੀ ਹੈ ਇਹ ਕਿਤਾਬ: ਪਹਿਲੀ ‘ਲਾਈਟ ਆਫ਼ ਏਸ਼ੀਆ’ ਮਹਾਂਕਾਵਿ ਦੀ, ਦੂਜੀ ਐਡਵਿਨ ਆਰਨਲਡ ਦੀ ਅਤੇ ਤੀਜੀ ਭਗਵਾਨ ਬੁੱਧ ਦੀ। ਬੌਧਿਕ ਤਰਤੀਬ ਤੇ ਤਹਿਜ਼ੀਬ ਨਾਲ ਲੈਸ ਹਨ ਇਹ ਜੀਵਨੀਆਂ। ਉਪਰੋਂ ਸਰਲ ਤੇ ਸੁਹਜਮਈ ਲੇਖਣ ਸ਼ੈਲੀ। ਕਿਤਾਬ ਨੂੰ ਅਤਿਅੰਤ ਜਾਨਦਾਰ ਬਣਾਉਂਦੇ ਹਨ ਇਹ ਤੱਤ।
‘ਲਾਈਟ ਆਫ਼ ਏਸ਼ੀਆ’ ਦੀ ਮਕਬੂਲੀਅਤ ਦੇ ਬਾਵਜੂਦ ਐਡਵਿਨ ਆਰਨਲਡ ਦਾ ਅੰਗਰੇਜ਼ੀ ਸਾਹਿਤਕ ਇਤਿਹਾਸ ’ਚ ਕਦੇ ਵੀ ਵੱਡ-ਪ੍ਰਤਾਪ ਨਹੀਂ ਰਿਹਾ। ਅਜਿਹੀ ਉਦਾਸੀਨਤਾ ਦੇ ਬਾਵਜੂਦ ‘ਲਾਈਟ ਆਫ਼ ਏਸ਼ੀਆ’ ਦਾ 13 ਯੂਰੋਪੀਅਨ, 8 ਉੱਤਰੀ ਤੇ ਦੱਖਣ-ਪੂਰਬੀ ਏਸ਼ਿਆਈ ਅਤੇ ਪੰਜਾਬੀ ਸਮੇਤ 14 ਦੱਖਣ ਏਸ਼ਿਆਈ ਭਾਸ਼ਾਵਾਂ ਵਿਚ ਅਨੁਵਾਦ ਹੋਇਆ। ਇਹ ਅੰਕੜੇ ਕਿਤਾਬ ਨੂੰ ਮਿਲੇ ਲੋਕ ਹੁੰਗਾਰੇ ਦੀ ਸਿੱਧੀ ਤਸਦੀਕ ਹਨ। ਪੰਜਾਬੀ ਅਨੁਵਾਦ ‘ਏਸ਼ੀਆ ਦਾ ਚਾਨਣ’ ਪ੍ਰੋ. ਮੋਹਨ ਸਿੰਘ ਨੇ ਕੀਤਾ। ਇਸ ਅਨੁਵਾਦ ਦੇ ਅੰਸ਼ ਹਾਇਰ ਸੈਕੰਡਰੀ ਪੱਧਰ ਤੱਕ ਦੀਆਂ ਪੰਜਾਬੀ ਪਾਠ- ਪੁਸਤਕਾਂ ਦਾ ਹਿੱਸਾ ਲੰਮੇ ਸਮੇਂ ਤਕ ਬਣੇ ਰਹੇ। ਤਮਿਲ, ਮਲਿਆਲਮ ਤੇ ਨੇਪਾਲੀ ਪਾਠ ਪੁਸਤਕਾਂ ਦਾ ਇਹ ਕਾਵਿ ਹੁਣ ਵੀ ਹਿੱਸਾ ਹੈ। ਕਿਤਾਬ ਦੀ ਇਸੇ ਪ੍ਰਸੰਗਿਕਤਾ ਅਤੇ ਘੱਟੋ-ਘੱਟ ਦੋ ਮਹਾਂਦੀਪਾਂ ਦੇ ਲੋਕ ਜੀਵਨ ਵਿਚ ਇਸ ਵੱਲੋਂ ਲਿਆਂਦੀ ਗਈ ਤਬਦੀਲੀ ਨੇ ਜੈਰਾਮ ਰਮੇਸ਼ ਨੂੰ ਕਿਤਾਬ ਦੇ ਮਹੱਤਵ ਅਤੇ ਆਰਨਲਡ ਦੇ ਜੀਵਨ ਬਾਰੇ ਖੋਜ ਤੇ ਸ਼ੋਧ ਕਰਨ ਦੇ ਰਾਹ ਪਾਇਆ। ਦਿਲਚਸਪ ਰਿਹਾ ਇਹ ਉੱਦਮ। ਜੈਰਾਮ ਰਮੇਸ਼ ਸੁਲਝਿਆ ਹੋਇਆ ਸਿਆਸਤਦਾਨ ਤੇ ਬੁਲਾਰਾ ਹੋਣ ਦੇ ਨਾਲ ਨਾਲ ਕੱਦਾਵਰ ਅਕਾਦਮੀਸ਼ਨ ਤੇ ਲੇਖਕ ਵੀ ਹੈ। ਉਸ ਵੱਲੋਂ ਪਹਿਲਾਂ ਲਿਖੀਆਂ ਅੱਠ ਪੁਸਤਕਾਂ ਵਿਚੋਂ ਸੱਤ ਸਿਆਸਤ ਤੇ ਸਿਆਸਤਦਾਨਾਂ ਬਾਰੇ ਹਨ। ‘ਲਾਈਟ ਆਫ਼ ਏਸ਼ੀਆ’ ਇਨ੍ਹਾਂ ਤੋਂ ਵੱਖਰੀ ਕਿਸਮ ਦਾ ਯਤਨ ਹੈ। ਇਹ ਇਕ ਤਰ੍ਹਾਂ ਨਾਲ ਬ੍ਰਿਟਿਸ਼ ਅਕਾਦਮਿਕ ਹਲਕਿਆਂ ਪ੍ਰਤੀ ਨਿਹੋਰਾ ਵੀ ਹੈ ਕਿ ਉਨ੍ਹਾਂ ਨੇ ਆਰਨਲਡ ਦੀ ਦੇਣ ਨੂੰ ਕਿਸ ਹੱਦ ਤੱਕ ਨਜ਼ਰਅੰਦਾਜ਼ ਕੀਤਾ। ਇਸ ਨਜ਼ਰਅੰਦਾਜ਼ੀ ਦਾ ਪ੍ਰਮਾਣ ਇਹ ਹਕੀਕਤ ਹੈ ਕਿ ਸਿਰਫ਼ ਇਕ ਬ੍ਰਿਟਿਸ਼ ਲੇਖਕ ਨੇ ਅਜੇ ਤਕ ਐਡਵਿਨ ਆਰਨਲਡ ਦੀ ਜੀਵਨੀ ਲਿਖੀ ਹੈ। ਇਹ ਕਿਤਾਬ ਪਹਿਲੀ ਵਾਰ 1957 ਵਿਚ ਛਪੀ। ਉਸ ਤੋਂ ਬਾਅਦ ਇਸ ਦਾ ਕੋਈ ਐਡੀਸ਼ਨ, ਬਾਜ਼ਾਰ ’ਚ ਨਹੀਂ ਆਇਆ। ਪੰਜਾਬੀਆਂ ਲਈ ਦਿਲਚਸਪੀ ਵਾਲਾ ਇਕ ਤੱਥ ਇਹ ਹੈ ਕਿ ਐਡਵਿਨ ਆਰਨਲਡ 24 ਜੂਨ 1832 ਨੂੰ ਜਿਸ ਗ੍ਰੇਵਜ਼ੈਂਡ ਨਗਰ ਵਿਚ ਜਨਮਿਆ, ਉਸ ਨਗਰ ਵਿਚ ਹੁਣ ਸਿੱਖ ਵਸੋਂ 20 ਫ਼ੀਸਦੀ ਤੋਂ ਵੱਧ ਹੈ। ਆਰਨਲਡ ਦੇ ਪਿਤਾ ਤੇ ਭਰਾ ਵਾਂਗ ਤਿੰਨ ਸਿੱਖ ਵੀ ਇਸ ਨਗਰ ਦੇ ਮੇਅਰ ਰਹਿ ਚੁੱਕੇ ਹਨ।
ਭਾਰਤੀ ਸਭਿਆਚਾਰ, ਸਭਿਅਤਾ ਤੇ ਦਰਸ਼ਨ ਵੱਲ ਝੁਕਾਅ ਦੇ ਬਾਵਜੂਦ ਆਰਨਲਡ ਸੋਚ ਪੱਖੋਂ ਪੱਕਾ ਅੰਗਰੇਜ਼ ਸੀ। ਇਸ ਵਿਚਾਰ ਦਾ ਧਾਰਨੀ ਕਿ ਸਾਮਰਾਜੀ ਬ੍ਰਿਟੇਨ, ਭਾਰਤ ਨੂੰ ਲੁੱਟ ਨਹੀਂ ਰਿਹਾ, ਇਸ ਦਾ ਭਲਾ ਕਰ ਰਿਹਾ ਹੈ। ਤਕਨੀਕ, ਸਿੱਖਿਆ ਪ੍ਰਬੰਧ, ਬੌਧਿਕ ਪ੍ਰਬੰਧ ਤੇ ਰਾਜ ਪ੍ਰਬੰਧ ਪੱਖੋਂ ਇਸ ਨੂੰ ਨਵੇਂ ਯੁੱਗ ਦਾ ਹਾਣੀ ਬਣਾ ਕੇ। ਅਜਿਹੇ ਨਜ਼ਰੀਏ ਦੇ ਬਾਵਜੂਦ ਉਹ ਭਾਰਤੀ ਸਾਹਿਤ ਤੇ ਦਰਸ਼ਨ ਸ਼ਾਸਤਰ ਦੀ ਮੌਲਿਕਤਾ ਤੇ ਪ੍ਰਾਚੀਨਤਾ ਤੋਂ ਕਾਇਲ ਸੀ। ਸੰਸਕ੍ਰਿਤ ਸਮੇਤ ਅੱਠ ਭਾਰਤੀ ਭਾਸ਼ਾਵਾਂ ਤੇ ਸੱਤ ਹੋਰ ਆਲਮੀ ਜ਼ੁਬਾਨਾਂ ਦਾ ਗਿਆਤਾ ਸੀ ਉਹ। ਉਸ ਨੇ ‘ਹਿਤੋਪਦੇਸ਼’ ਅਤੇ ‘ਸ੍ਰੀਮਦ ਭਗਵਦ ਗੀਤਾ’ ਦਾ ਸਭ ਤੋਂ ਪਹਿਲਾਂ ਅੰਗਰੇਜ਼ੀ ਅਨੁਵਾਦ ਕੀਤਾ। ਗੀਤਾ ਦੇ ਅਨੁਵਾਦ ਨੂੰ ‘ਦਿ ਬੁੱਕ ਸਿਲੈਸਟੀਅਲ’ (ਅਰਸ਼ੀ ਕਿਤਾਬ) ਦਾ ਨਾਮ ਦਿੱਤਾ ਗਿਆ। ਇਸ ਕਿਤਾਬ ਨੂੰ 1889 ਵਿਚ ਮੋਹਨਦਾਸ ਕਰਮਚੰਦ ਗਾਂਧੀ ਨਾਮੀ ਯੁਵਾ ਬੈਰਿਸਟਰ ਨੇ ਲੰਡਨ ’ਚ ਪੜ੍ਹਿਆ ਸੀ। ਭਾਰਤੀ ਬੌਧਿਕ ਧਰੋਹਰ ਨੂੰ ਸੰਭਾਲਣ ਦੀ ਚਾਹਤ ਇਸੇ ਕਿਤਾਬ ਨੇ ਗਾਂਧੀ ਦੇ ਅੰਦਰ ਜਗਾਈ।
ਕਮਾਲ ਦੀ ਗੱਲ ਇਹ ਰਹੀ ਕਿ ਭਾਰਤੀ ਫ਼ਲਸਫ਼ੇ ਤੇ ਬੌਧਿਕ ਧਰੋਹਰ ਪ੍ਰਤੀ ਮੋਹ ਦੇ ਬਾਵਜੂਦ ਆਰਨਲਡ ਬਹੁਤ ਘੱਟ ਸਮਾਂ ਭਾਰਤ ਵਿਚ ਰਿਹਾ। ਭਾਰਤ ਨਾਲੋਂ ਵੱਧ ਸਮਾਂ ਉਸ ਨੇ ਅਫ਼ਰੀਕੀ ਮਹਾਂਦੀਪ ਜਾਂ ਜਾਪਾਨ ਵਿਚ ਬਿਤਾਇਆ। 1857 ਦੇ ਆਖ਼ਰੀ ਮਹੀਨਿਆਂ ਤੋਂ 1860 ਦੇ ਮੁੱਢ ਤਕ ਉਹ ਪੂਨਾ ਵਿਚ ਅਤੇ ਫਿਰ 1885 ਵਿਚ ਤਿੰਨ ਮਹੀਨੇ ਕਾਨਪੁਰ ਵਿਚ ਰਿਹਾ। ਹਾਂ, ਉਸ ਦੇ ਚਾਰ ਪੁੱਤਰਾਂ ਵਿਚੋਂ ਇਕ, ਚੈਨਿੰਗ ਆਰਨਲਡ ਨੂੰ ਭਾਰਤ ਵਿਚ ਰਹਿਣ ਅਤੇ ‘ਗੋਰੇ ਮੁਗ਼ਲ’ ਦਾ ਦਰਜਾ ਹਾਸਿਲ ਕਰਨ ਦਾ ਮੌਕਾ ਅਵੱਸ਼ ਮਿਲਿਆ। ਚੈਨਿੰਗ ਆਪਣੇ ਪਿਤਾ ਨਾਲੋਂ ਵੱਖਰੀ ਸੋਚ ਦਾ ਮਾਲਕ ਸੀ। ਬਰਮਾ ਵਿਚ ਪੱਤਰਕਾਰੀ ਕਰਦਿਆਂ ਉਸ ਨੇ ਬ੍ਰਿਟਿਸ਼ ਸ਼ਾਸਕਾਂ ਖ਼ਿਲਾਫ਼ ਖੁੱਲ੍ਹ ਕੇ ਲਿਖਣ ਤੋਂ ਕਦੇ ਵੀ ਪਰਹੇਜ਼ ਨਹੀਂ ਕੀਤਾ। ਇਸ ‘ਗੁਨਾਹ’ ਬਦਲੇ ਉਸ ਨੂੰ ਉੱਥੋਂ ਬੇਦਖ਼ਲ ਕਰ ਦਿੱਤਾ ਗਿਆ। ਪਨਾਹ ਭੁਪਾਲ ਰਿਆਸਤ ਵਿਚ ਮਿਲੀ। ਉਹ ਉੱਥੇ ਸ਼ਾਹੀ ਖ਼ਾਨਦਾਨ ਦੇ ਬੱਚਿਆਂ ਦਾ ਟਿਊਟਰ ਬਣਿਆ ਰਿਹਾ। ਇਕ ਸ਼ਾਹੀ ਅਹਿਲਕਾਰ ਦੀ ਧੀ ਜ਼ੋਹਰਾ ਨਾਲ ਵਿਆਹ ਕਰ ਕੇ ਉਹ ਇਕ ਪੁੱਤਰ ਤੇ ਧੀ ਦਾ ਪਿਤਾ ਬਣ ਗਿਆ। ਦੋਵਾਂ ਦੀ ਔਲਾਦ ਨੇ ਵੀ ਭੁਪਾਲ ਤੇ ਸੁਲਤਾਨਪੁਰ (ਯੂ.ਪੀ.) ’ਚ ਰਹਿਣਾ ਚੁਣਿਆ। ਮੁਹੰਮਦ ਮਾਈਕਲ ਆਰਨਲਡ, ਫ਼ਿਰੋਜ਼ ਆਰਨਲਡ, ਨਾਹੀਦ ਆਰਨਲਡ ਅਲੀ, ਫ਼ਰਜ਼ਾਨਾ ਆਰਨਲਡ ਸਿੱਦੀਕੀ ਆਿਦ ਵਰਗੇ ਨਾਮ ਉਸ ਮਜ਼ਹਬੀ ਸਮਾਵੇਸ਼ ਦੀ ਮਿਸਾਲ ਹਨ ਜੋ ਚੈਨਿੰਗ ਤੇ ਜ਼ੋਹਰਾ ਦੇ ਵਿਆਹ ਤੋਂ ਉਪਜਿਆ। ‘ਲਾਈਟ ਆਫ਼ ਏਸ਼ੀਆ’ ਦਾ 25ਵਾਂ ਤੇ ਆਖ਼ਰੀ ਅਧਿਆਇ ਇਸੇ ਸਮਾਵੇਸ਼ ਦੀ ਕਹਾਣੀ ਬਿਆਨ ਕਰਦਾ ਹੈ।
ਨਿੱਗਰ ਖੋਜ ਅਤੇ ਦਰਜਨਾਂ ਅਣਜਾਣੇ ਕਿੱਸੇ-ਕਹਾਣੀਆਂ ਨਾਲ ਭਰਪੂਰ ਹੈ ਇਹ ਕਿਤਾਬ। ਪਾਠਕ ਨੂੰ ਸ਼ੁਰੂ ਤੋਂ ਅਖ਼ੀਰ ਤੱਕ ਬੰਨ੍ਹ ਕੇ ਰੱਖਣ ਵਾਲੀ। ਅਜਿਹੀ ਖ਼ੂਬੀ ਬਹੁਤ ਘੱਟ ਕਿਤਾਬਾਂ ਨੂੰ ਨਸੀਬ ਹੁੰਦੀ ਹੈ।
* * *
ਯੁੱਗ ਪੁਰਸ਼ ਸੀ ਪਰਤਾਪ ਸਿੰਘ ਕੈਰੋਂ। ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਸ ਦਾ ਕਾਰਜਕਾਲ ਭਾਵੇਂ ਸਾਢੇ ਅੱਠ ਵਰ੍ਹਿਆਂ (ਜਨਵਰੀ 1956 ਤੋਂ ਜੂਨ 1964 ਤਕ) ਦਾ ਰਿਹਾ, ਪਰ ਉਸ ਦੀ ਲਿਆਕਤ, ਸਿਰੜ ਤੇ ਦੂਰਅੰਦੇਸ਼ੀ ਦੀ ਖੱਟੀ ਪੰਜਾਬ ਤੇ ਹਰਿਆਣਾ (ਅਤੇ ਅੱਧਾ ਹਿਮਾਚਲ) ਅੱਜ ਵੀ ਖਾ ਰਹੇ ਹਨ। ਸੰਤਾਲੀ ਦੇ ਬਟਵਾਰੇ ਕਾਰਨ ਲਹੂ-ਲੁਹਾਣ ਹੋਏ ਪੰਜਾਬ ਤੇ ਪੰਜਾਬੀਆਂ ਨੂੰ ਉਸ ਨੇ ਨਾ ਸਿਰਫ਼ ਖ਼ੁਸ਼ਹਾਲੀ ਦੇ ਰਾਹ ਪਾਇਆ ਸਗੋਂ ਗ਼ੈਰਤਮੰਦੀ ਤੇ ਟੈਕਸਾਂ ਦੀ ਅਦਾਇਗੀ ਦਾ ਪਾਠ ਵੀ ਪੜ੍ਹਾਇਆ; ਉਨ੍ਹਾਂ ਨੂੰ ਅੱਜ ਵਰਗੇ ਮੁਫ਼ਤਖੋਰੇ ਨਹੀਂ ਬਣਾਇਆ। ਉਸ ਦੇ ਕਾਰਜਕਾਲ ਦੌਰਾਨ ਪੰਜਾਬ ਨੇ ਹਰ ਖੇਤਰ ਵਿਚ ਮੋਹਰੀ ਬਣਨ ਵੱਲ ਕਦਮ ਵਧਾਏ। ਸਨਅਤੀ ਤੇ ਖੇਤੀ ਇਨਕਲਾਬਾਂ ਦਾ ਮੁੱਢ ਕੈਰੋਂ ਯੁੱਗ ਦੌਰਾਨ ਹੀ ਬੱਝਿਆ।
ਸਰਦਾਰ ਕੈਰੋਂ ਬਾਰੇ ਗੁਰਿੰਦਰ ਸਿੰਘ ਕੈਰੋਂ, ਮੀਤਾ ਰਾਜੀਵਲੋਚਨ ਅਤੇ ਐੱਮ. ਰਾਜੀਵਲੋਚਨ ਦੀ ਅੰਗਰੇਜ਼ੀ ਕਿਤਾਬ (ਪਰਤਾਪ ਸਿੰਘ ਕੈਰੋ: ਏ ਵਿਜ਼ਨਰੀ) ਪਿਛਲੇ ਸਾਲ ਪ੍ਰਕਾਸ਼ਿਤ ਹੋਈ ਸੀ। ਇਸ ਬਾਬਤ ਸੁਭਾਸ਼ ਪਰਿਹਾਰ ਦਾ ਵਿਸਥਾਰਤ ਲੇਖ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਸੀ। ਇਸ ਕਿਤਾਬ ਦਾ ਪੰਜਾਬੀ ਅਨੁਵਾਦ ‘ਪਰਤਾਪ ਸਿੰਘ ਕੈਰੋਂ: ਦੂਰਦਰਸ਼ੀ ਸਿਆਸਤਦਾਨ’ (ਚੇਤਨਾ ਪ੍ਰਕਾਸ਼ਨ; 316 ਪੰਨੇ; 595 ਰੁਪਏ) ਹੁਣ ਉਪਲਬਧ ਹੈ। ਤਿੰਨ ਸਲਾਮਾਂ ਦਾ ਹੱਕਦਾਰ ਹੈ ਪ੍ਰੋ. ਪੀ.ਐੱਸ. ਭੋਗਲ ਅਤੇ ਡਾ. ਸੰਦੀਪ ਕੌਰ ਸੇਖੋਂ ਵੱਲੋਂ ਕੀਤਾ ਗਿਆ ਇਹ ਅਨੁਵਾਦ।
* * *
ਗੁਰਭਜਨ ਗਿੱਲ ਨੇ ਪਹਿਲੀ ਕਵਿਤਾ 1970ਵਿਆਂ ਦੇ ਪਹਿਲੇ ਅੱਧ ਦੌਰਾਨ ਜੀ.ਜੀ.ਐੱਨ. ਖ਼ਾਲਸਾ ਕਾਲਜ, ਲੁਧਿਆਣਾ ਵਿਚ ਪੜ੍ਹਦਿਆਂ ਲਿਖੀ ਸੀ। ਇਹ ਕਾਲਜ ਦੇ ਮੈਗਜ਼ੀਨ ਵਿਚ ਛਪੀ ਸੀ। ਉਦੋਂ ਸ਼ਮਸ਼ੇਰ ਸੰਧੂ-ਗੁਰਭਜਨ ਗਿੱਲ-ਹਰਪਾਲ ਕਨੇਚਵੀ ਦੀ ਤ੍ਰਿਕੜੀ ਨੇ ਪੰਜਾਬੀ ਸਾਹਿਤ ਦੇ ਹੋਣਹਾਰ ਬਿਰਵਾਨ ਹੋਣ ਦਾ ਪ੍ਰਭਾਵ ਦੇਣਾ ਸ਼ੁਰੂ ਕਰ ਦਿੱਤਾ ਸੀ। ਸ਼ਮਸ਼ੇਰ, ਕਾਲਜ ਮੈਗਜ਼ੀਨ ਦੇ ਪੰਜਾਬੀ ਅਨੁਭਾਗ ਦਾ ਸੰਪਾਦਕ ਸੀ। ਉਸ ਨੇ ਨਿੱਕੇ ਜਿਹੇ ਨੋਟ ਰਾਹੀਂ ਗੁਰਭਜਨ ਦੇ ਪਹਿਲੇ ਕਾਵਿ-ਕਦਮ ਦਾ ਸਵਾਗਤ ਕੀਤਾ ਸੀ। ਉਸ ਕਵਿਤਾ ਵਿਚ ਝਿਜਕ ਵਾਲੇ ਅੰਸ਼ ਮੌਜੂਦ ਸਨ; ਪਹਿਲੇ ਕਦਮ ਵਰਗੇ। ਗੁਰਭਜਨ ਦੇ ਸਨੇਹੀਆਂ ਨੇ ਵੀ ਉਦੋਂ ਕਿਆਸ ਤਕ ਨਹੀਂ ਕੀਤਾ ਹੋਣਾ ਕਿ ਇਹ ਕਵਿਤਾ ਇਕ ਕਾਵਿ-ਦਰਿਆ ਦਾ ਉਦਗ਼ਮ ਸਾਬਤ ਹੋਵੇਗੀ- ਉਹ ਦਰਿਆ ਜੋ ਤਕਰੀਬਨ ਪੰਜ ਦਹਾਕੇ ਬਾਅਦ ਵੀ ਪੂਰੀ ਰਵਾਨੀ ਨਾਲ ਵਹਿ ਰਿਹਾ ਹੈ। 15 ਕਾਵਿ-ਪੁਸਤਕਾਂ ਪਿਛਲੇ ਵਰ੍ਹੇ ਤਕ ਸਿਰਜ ਚੁੱਕਾ ਸੀ ਗੁਰਭਜਨ। ਹੁਣ ਦੋ ਹੋਰ ‘ਸੁਰਤਾਲ’ ਤੇ ‘ਚਰਖੜੀ’ ਪ੍ਰਾਪਤ ਹੋਈਆਂ ਹਨ। ਫ਼ਿਲਹਾਲ ਚਰਚਾ ‘ਸੁਰਤਾਲ’ (ਸਾਤਵਿਕ ਬੁੱਕਸ; 168 ਪੰਨੇ; 250 ਰੁਪਏ) ਦੀ।
ਪੰਜਾਬੀ ਲੋਕ ਵਿਰਾਸਤ ਅਕਾਦਮੀ (ਲੁਧਿਆਣਾ) ਦੇ ਸਹਿਯੋਗ ਨਾਲ ਛਾਪੀ ਗਈ ਇਹ ਪੁਸਤਕ ਨਾ ਸਿਰਫ਼ ਪ੍ਰਕਾਸ਼ਕੀ ਫ਼ੱਬਤ ਪੱਖੋਂ ਸਗੋਂ ਅਦਬੀ ਜੜਤ ਪੱਖੋਂ ਵੀ ਪੂਰੀ ਖ਼ੂਬਸੂਰਤ ਹੈ। ਮੁੱਖ ਬੰਦ ਵਿਚ ਸੁਰਜੀਤ ਪਾਤਰ ਲਿਖਦੇ ਹਨ, ‘‘ਗੁਰਭਜਨ ਗਿੱਲ ਦੀ ਗ਼ਜ਼ਲ ਦੇ ਸਰੋਕਾਰ ਪੰਜਾਬ ਦੇ ਦਰਾਂ ਘਰਾਂ, ਖੇਤਾਂ ਖਲਿਹਾਣਾਂ, ਪਗਡੰਡੀਆਂ ਸ਼ਾਹਰਾਹਾਂ, ਢਾਰਿਆਂ ਮਹਿਲਾਂ, ਰਾਜੇ ਰੰਕਾਂ, ਅਣਹੋਇਆਂ ਤੇ ਕਹਿੰਦੇ-ਕਹਾਉਂਦਿਆਂ ਤਕ ਫੈਲੇ ਹੋਏ ਹਨ ਅਤੇ ਇਸ ਸਭ ਕੁਝ ਦੇ ਦਰਮਿਆਨ ਗੁਰਭਜਨ ਗਿੱਲ ਦਾ ਮੋਹ ਤੇ ਰੋਹ ਬਰਕਰਾਰ ਹੈ। … ਸ਼ਬਦ ਵਿਚ ਉਸ ਦੀ ਆਸਥਾ ਪੂਰੀ ਕਾਇਮ ਦਾਇਮ ਹੈ।’’ ਇਹ ਸਾਰੇ ਫ਼ਿਕਰੇ ਇਸ ਪੁਸਤਕ ਅੰਦਰਲੀਆਂ 150 ਤੋਂ ਵੱਧ ਗ਼ਜ਼ਲਾਂ ਦਾ ਸਹੀ ਤੇ ਸਟੀਕ ਮੁਲਾਂਕਣ ਹਨ। ਅੰਦਰੂਨੀ ਜੈਕੇਟ ’ਤੇ ਗੁਰਬਚਨ ਸਿੰਘ ਭੁੱਲਰ ਹੁਰਾਂ ਦੀ ਟਿੱਪਣੀ ਵੀ ਜ਼ਿਕਰਯੋਗ ਹੈ: ‘‘ਮੈਨੂੰ ਗ਼ਜ਼ਲ ਦੀਆਂ ਗਿਣਤੀਆਂ ਮਿਣਤੀਆਂ ਦੀ ਉੱਕਾ ਹੀ ਸਮਝ ਨਹੀਂ ਪਰ ਤੇਰੀਆਂ (ਗੁਰਭਜਨ ਦੀਆਂ) ਗ਼ਜ਼ਲਾਂ ਦੀ ਰਵਾਨੀ ਅਤੇ ਉਨ੍ਹਾਂ ਦੇ ਵਹਾਅ ਦਾ ਕੀ ਕਹਿਣਾ। ਮੇਰਾ ਤਾਂ ਇਸੇ ਨਾਲ ਮਤਲਬ ਹੈ।’’
ਮੇਰੀ ਜ਼ਾਤੀ ਰਾਇ ਵੀ ਬਿਲਕੁਲ ਇਸੇ ਤਰਜ਼ ਦੀ ਹੈ।
* * *
ਸ਼ੇਰ ਸਿੰਘ ਕੰਵਲ 1980 ਵਿਚ ਅਮਰੀਕਾ ਜਾ ਵਸੇ, ਪਰ ਪੰਜਾਬ ਤੇ ਪੰਜਾਬੀ ਪ੍ਰਤੀ ਉਨ੍ਹਾਂ ਦਾ ਮੋਹ ਤੇ ਹੇਰਵਾ ਅਜੇ ਵੀ ਅੰਤਾਂ ਦਾ ਹੈ। ਇਸੇ ਮੋਹ ਦੀ ਤਰਜਮਾਨੀ ਕਰਦਾ ਹੈ ਉਨ੍ਹਾਂ ਦਾ ਨਵਾਂ ਕਾਵਿ-ਸੰਗ੍ਰਹਿ ‘ਖੇਸ ਦੀ ਬੁੱਕਲ’ (ਲੋਕਗੀਤ ਪ੍ਰਕਾਸ਼ਨ; 136 ਪੰਨੇ; 250 ਰੁਪਏ)। ਇਹ ਕੰਵਲ ਹੁਰਾਂ ਦਾ 11ਵਾਂ ਕਾਵਿ-ਸੰਗ੍ਰਹਿ ਹੈ। ਉਨ੍ਹਾਂ ਨੇ ਵਾਰਤਕ ਤੇ ਵਿਅੰਗ ਦੀਆਂ ਕਿਤਾਬਾਂ ਵੀ ਰਚੀਆਂ ਹੋਈਆਂ ਹਨ, ਪਰ ਕਵਿਤਾ ਉੱਤੇ ਉਨ੍ਹਾਂ ਦੀ ਪਕੜ ਹਮੇਸ਼ਾ ਵੱਧ ਪ੍ਰਭਾਵਿਤ ਕਰਦੀ ਆਈ ਹੈ।
ਮਾਲਵਾ ਰਿਸਰਚ ਸੈਂਟਰ (ਪਟਿਆਲਾ) ਦੀ ਪੇਸ਼ਕਾਰੀ ਹੈ ‘ਖੇਸ ਦੀ ਬੁੱਕਲ’। ਇਸ ਨਾਮ ਵਾਲੀ ਮਹਾਂ-ਕਵਿਤਾ ਸਮੇਤ 26 ਕਾਵਿ-ਰਚਨਾਵਾਂ ਇਸ ਪੁਸਤਕ ਵਿਚ ਸ਼ਾਮਲ ਹਨ। 35 ਪੰਨੇ ਲੰਮੀ ਮਹਾਂ-ਕਵਿਤਾ ਆਧੁਨਿਕਤਾ ਤੋਂ ਅਕੇਵੇਂ ਅਤੇ ਪਿੰਡ ਪਰਤਣ ਦੀ ਤਾਂਘ ਦੀ ਨੁਮਾਇੰਦਗੀ ਕਰਦੀ ਹੈ। ਇਕ ਮਿਸਾਲ ਹੈ: ‘‘ਚਿੱਤ ਚਾਹਵੇ ਹੁਣ ਇਹ ਹੋ ਜਾਵੇ/ ਬਚਪਨ ਦੀ ਰੁੱਤ ਤਿਤਲੀ ਵਰਗੀ/ ਰੰਗਲੀ-ਰੰਗਲੀ ਫਿਰ ਉੱਡ ਆਵੇ/ ਮਾਂ ਸਾਨੂੰ ਹਿੱਕੜੀ ਨਾਲ ਲਾਵੇ/ ਰਾਤ ਨੂੰ ਸਾਨੂੰ ਬਾਤ ਸੁਣਾਵੇ।’’ ਬਾਕੀ ਕਵਿਤਾਵਾਂ ਦੀ ਤਾਸੀਰ ਵੀ ਇਹੋ ਜਹੀ ਹੈ: ਵਿਸਰੇ ਸਮਿਆਂ ਅਤੇ ਵਿਸਰੀਆਂ ਜੀਵਨ-ਤੰਦਾਂ ਦੀਆਂ ਬਾਤਾਂ ਪਾਉਣ ਵਾਲੀ। ਇਹੋ ਤੱਤ ਇਸ ਕਿਤਾਬ ਨੂੰ ਵੱਧ ਜ਼ਿਕਰਯੋਗ ਬਣਾਉਂਦਾ ਹੈ।
ਸੰਪਰਕ: 98555-01488