ਜਗਮੋਹਨ ਸਿੰਘ
ਘਨੌਲੀ, 10 ਫਰਵਰੀ
ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਹੈ, ਤਿਉਂ ਤਿਉਂ ਹਲਕੇ ਅੰਦਰ ਦਿਲਚਸਪ ਗੱਲਾਂ ਵੇਖਣ ਨੂੰ ਮਿਲਣ ਲੱਗੀਆਂ ਹਨ। ਘਨੌਲੀ ਨੇੜੇ ਪੈਂਦੇ ਪਿੰਡ ਥਲੀ ਦੀ ਸਰਪੰਚ ਵੱਲੋਂ ਕਾਂਗਰਸੀ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਦੇ ਪਤੀ ਜੋ ਪਹਿਲਾਂ ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਰਹਿ ਚੁੱਕੇ ਹਨ, ਅਕਸਰ ਹੀ ਭਾਜਪਾ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਦੀਆਂ ਚੋਣ ਮੀਟਿੰਗਾਂ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਗਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਵਾਲਾ ਪਰਨਾ ਜਿਹਾ ਵੀ ਪਹਿਨਿਆ ਹੁੰਦਾ ਹੈ।
ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਪਲਵਿੰਦਰ ਕੌਰ ਰਾਣੀ ਵੀ ਭਰਾ ਦੇ ਪਿਆਰ ਅੱਗੇ ਝੁਕਦਿਆਂ ਆਪਣਾ ਅਹੁਦਾ ਤਿਆਗ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਬਚਿੱਤਰ ਸਿੰਘ ਜਟਾਣਾ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਕਰ ਰਹੀ ਹੈ। ਹੁਣ ਇਨ੍ਹਾਂ ਤਿੰਨਾਂ ਵਿੱਚੋਂ ਆਪੋ ਆਪਣੇ ਉਮੀਦਵਾਰ ਨੂੰ ਕੌਣ ਜਿਤਾਉਣ ਵਿੱਚ ਸਫਲ ਹੁੰਦਾ ਹੈ, ਇਹ ਤਾਂ 10 ਮਾਰਚ ਨੂੰ ਨਤੀਜੇ ਆਉਣ ਤੋਂ ਬਾਅਦ ਪਤਾ ਲੱਗੇਗਾ, ਪਰ ਪਤੀ ਪਤਨੀ ਵੱਲੋਂ ਇੱਕ ਦੂਜੇ ਦੇ ਵਿਰੁੱਧ ਕੀਤੇ ਜਾ ਰਹੇ ਚੋਣ ਪ੍ਰਚਾਰ ਕਾਰਨ ਸਭ ਦੀਆਂ ਨਜ਼ਰਾਂ ਇਸ ਬੂਥ ਤੇ ਟਿਕ ਗਈਆਂ ਹਨ ਤੇ ਲੋਕ ਬੇਸਬਰੀ ਨਾਲ 10 ਮਾਰਚ ਦਾ ਇੰਤਜ਼ਾਰ ਕਰਨ ਲੱਗੇ ਹਨ।