ਪਟਨਾ, 19 ਸਤੰਬਰ
ਬਿਹਾਰ ਦੇ ਉੱਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਫਿਰ ਕਿਹਾ ਹੈ ਕਿ ‘‘ਸਾਰੀਆਂ ਕੇੇਂਦਰੀ ਜਾਂਚ ਏਜੰਸੀਆਂ ਕੇਂਦਰੀ (ਸੀਬੀਆਈ), ਐੈਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਆਮਦਨ ਕਰ ਵਿਭਾਗ (ਆਈਟੀ) ਉਨ੍ਹਾਂ ਦੀ ਰਿਹਾਇਸ਼ ਵਿੱਚ ਆਪੋ-ਆਪਣੇ ਦਫ਼ਤਰ ਖੋਲ੍ਹ ਸਕਦੀਆਂ ਹਨ।’’ ਕੇਂਦਰੀ ਜਾਂਚ ਬਿਊਰੋ ਨੇ ਦੋ ਦਿਨ ਪਹਿਲਾਂ ਹੀ ਆਈਆਰਟੀਸੀ ਘੁਟਾਲੇ ਵਿੱਚ ਯਾਦਵ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਸੀ, ਜਿਸ ਮਗਰੋਂ ਉਨ੍ਹਾਂ ਇਹ ਗੱਲ ਆਖੀ ਹੈ। ਯਾਦਵ ਨੇ ਇਹ ਦਾਆਵਾ ਕੀਤਾ ਕਿ ਭਾਜਪਾ ‘‘ਸਾਰੀ ਭਰੋਸੇਯੋਗਤਾ ਗੁਆ ਕੇ’ ਹੁਣ ਉਨ੍ਹਾਂ ਨੂੰ ਪਾਸੇ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਕਿਉਂਕਿ ਭਾਜਪਾ ਨੂੰ ‘2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰਨ ਦਾ ਡਰ’’ ਹੈ। ਸੀਬੀਆਈ ਵੱਲੋਂ ਦਿੱਲੀ ਦੀ ਇੱਕ ਅਦਾਲਤ ਦਾ ਰੁਖ ਕੀਤੇ ਜਾਣ ਸਬੰਧੀ ਸਵਾਲ ਦੇ ਜਵਾਬ ਵਿੱਚ ਤੇਜਸਵੀ ਯਾਦਵ ਨੇ ਕਿਹਾ, ‘‘ਮੈਂ ਪਹਿਲਾਂ ਵੀ ਕੇਂਦਰੀ ਜਾਂਚ ਏਜੰਸੀਆਂ ਇਹ ਸੱਦਾ ਦਿੱਤਾ ਸੀ। ਮੈਂ ਉਨ੍ਹਾਂ (ਸੀਬੀਆਈ, ਈਡੀ ਅਤੇ ਆਈਟੀ) ਨੂੰ ਫਿਰ ਕਹਿ ਰਿਹਾ ਹਾਂ ਕਿ ਉਹ ਮੇਰੇ ਘਰ ਆਪਣਾ ਦਫ਼ਤਰ ਖੋਲ੍ਹ ਸਕਦੀਆਂ ਹਨ… ਇਹ ਉਨ੍ਹਾਂ ਲਈ ਸੌਖਾ ਰਹੇਗਾ। ਮੈਂ ਹਮੇਸ਼ਾ ਸੀਬੀਆਈ ਨੂੰ ਸਹਿਯੋਗ ਦਿੱਤਾ ਹੈ।’’ -ਪੀਟੀਆਈ