ਗੁਰਿੰਦਰ ਸਿੰਘ
ਲੁਧਿਆਣਾ, 28 ਅਗਸਤ
ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਸਨਅਤਕਾਰਾਂ ਦੀ ਜਥੇਬੰਦੀ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੀ 3 ਸਤੰਬਰ ਨੂੰ ਹੋ ਰਹੀ ਚੋਣ ਸਬੰਧੀ ਦੋਹਾਂ ਧੜਿਆਂ ਵੱਲੋਂ ਅੱਜ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਡੀਐੱਸ ਚਾਵਲਾ ਵੱਲੋਂ ਆਪਣੀ ਟੀਮ ਦਾ ਐਲਾਨ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਾਵਲਾ ਨੇ ਦੱਸਿਆ ਕਿ ਕੁਝ ਸਿਆਸੀ ਲੋਕ ਇੰਡਸਟਰੀ ਮਾਫ਼ੀਆ ਖੜ੍ਹਾ ਕਰਨ ਲਈ ਗਲਤ ਢੰਗ ਤਰੀਕੇ ਵਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਯੂਨਾਈਟਿਡ ਫਰੰਟ ਇਨ੍ਹਾਂ ਇੰਡਸਟਰੀ ਵਿਰੋਧੀ ਚਾਲਾਂ ਦਾ ਇਕਜੁੱਟ ਹੋ ਕੇ ਮੁਕਾਬਲਾ ਕਰੇਗਾ। ਉਨ੍ਹਾਂ ਮੀਡੀਆ ਨੂੰ ਸਾਲਾਨਾ ਜਨਰਲ ਮੀਟਿੰਗ ਦੌਰਾਨ ਉਨ੍ਹਾਂ ਉਪਰ ਹੋਏ ਕਾਤਲਾਨਾ ਹਮਲਾ ਕਰਨ ਅਤੇ ਦਸਤਾਰ ਦੀ ਬੇਅਦਬੀ ਕਰਨ ਵਾਲੇ ਲੋਕਾਂ ਦੀ ਇਕ ਵੀਡੀਓ ਕਲਿੱਪ ਵੀ ਜਾਰੀ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਬਜ਼ੁਰਗ ਸਨਅਤਕਾਰ ਜੋਗਿੰਦਰ ਕੁਮਾਰ ਅਤੇ ਜੋਗਾ ਸਿੰਘ ਨੇ ਯੂਨਾਈਟਿਡ ਫਰੰਟ ਦੇ ਉਮੀਦਵਾਰਾਂ ਦਾ ਐਲਾਨ ਵੀ ਕੀਤਾ, ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਲਈ ਪ੍ਰਿੰਸ ਬਾਂਸਲ, ਮੀਤ ਪ੍ਰਧਾਨ ਲਈ ਨਰਿੰਦਰ ਮਹਾਜਨ, ਜਨਰਲ ਸਕੱਤਰ ਲਈ ਹਰਸਿਮਰਜੀਤ ਸਿੰਘ ਲੱਕੀ, ਸਕੱਤਰ ਲਈ ਕੁਲਪ੍ਰੀਤ ਸਿੰਘ, ਸੰਯੁਕਤ ਸਕੱਤਰ ਲਈ ਸੁਖਵਿੰਦਰ ਸਿੰਘ ਲੂਥਰਾ, ਪ੍ਰਚਾਰ ਸਕੱਤਰ ਲਈ ਰਾਜੇਸ਼ ਬਾਂਸਲ ਰਾਣਾ ਅਤੇ ਵਿੱਤ ਸਕੱਤਰ ਲਈ ਵਰੁਣ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਚਾਵਲਾ ਨੇ ਦੱਸਿਆ ਕਿ ਉਹ ਜਲਦੀ ਹੀ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
ਦੂਜੇ ਪਾਸੇ ਯੂਨਾਈਟਿਡ ਅਲਾਇੰਸ ਗਰੁੱਪ ਨੇ ਵੀ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਲਈ ਅਵਤਾਰ ਸਿੰਘ ਭੋਗਲ, ਸੀਨੀਅਰ ਮੀਤ ਪ੍ਰਧਾਨ ਲਈ ਗੁਰਚਰਨ ਸਿੰਘ ਜੇਮਕੋ, ਉੱਪ ਪ੍ਰਧਾਨ ਲਈ ਸਤਨਾਮ ਸਿੰਘ ਮੱਕੜ, ਜਨਰਲ ਸਕੱਤਰ ਲਈ ਮਨਜਿੰਦਰ ਸਿੰਘ ਸਚਦੇਵਾ, ਸਕੱਤਰ ਲਈ ਰੂਪਕ ਸੂਦ, ਸੰਯੁਕਤ ਸਕੱਤਰ ਲਈ ਵਲੈਤੀ ਰਾਮ ਦੁਰਗਾ, ਪ੍ਰਚਾਰ ਸਕੱਤਰ ਲਈ ਰਾਜਿੰਦਰ ਸਿੰਘ ਸਰਹਾਲੀ ਅਤੇ ਵਿੱਤ ਸਕੱਤਰ ਲਈ ਅੱਛਰੂ ਰਾਮ ਗੁਪਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਯੂਨਾਈਟਿਡ ਅਲਾਇੰਸ ਗਰੁੱਪ ਦੇ ਮੁੱਖ ਚੋਣ ਕੋਆਰਡੀਨੇਟਰ ਕੇਕੇ ਸੇਠ ਨੇ ਕਿਹਾ ਹੈ ਕਿ ਸਾਡੀ ਟੀਮ ਸਾਈਕਲ ਉਦਯੋਗ ਦੀ ਬਿਹਤਰੀ ਲਈ ਕੰਮ ਕਰੇਗੀ ਕਿਉਂਕਿ ਸਾਈਕਲ ਦੇ ਰੋਡਸਟਰ ਮਾਡਲ ਤੋਂ ਅੱਗੇ ਵੇਖਣ ਦੀ ਜ਼ਰੂਰਤ ਹੈ ਅਤੇ ਉੱਚ ਪੱਧਰੀ ਸਾਈਕਲਾਂ ਦਾ ਵਿਕਾਸ ਕਰਨਾ ਸਮੇਂ ਦੀ ਮੰਗ ਹੈ।