ਸਤਵਿੰਦਰ ਬਸਰਾ
ਲੁਧਿਆਣਾ, 26 ਜੂਨ
ਬਰਸਾਤਾਂ ਮੌਕੇ ਸ਼ਹਿਰ ਦੀਆਂ ਨੀਵੀਆਂ ਬਸਤੀਆਂ ਵਿੱਚ ਪਾਣੀ ਖੜ੍ਹਾ ਹੋਣਾ ਆਮ ਗੱਲ ਹੈ ਪਰ ਬਿਨਾਂ ਮੌਨਸੂਨ ਦੇ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਵੀ ਸ਼ਹਿਰ ਦੇ ਕਈ ਫਲਾਈਓਵਰਾਂ ’ਤੇ ਪਾਣੀ ਖੜ੍ਹਾ ਹੋ ਜਾਣ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਿੱਚ ਕਈ ਫਲਾਈਓਵਰ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਘੰਟਾ ਘਰ ਚੌਕ ਨੇੜਿਓਂ ਲੰਘਦੇ ਫਲਾਈਓਵਰ ਨੂੰ ਬਣਿਆਂ ਭਾਵੇਂ ਕਈ ਸਾਲ ਹੋ ਗਏ ਹਨ ਪਰ ਅੱਜ ਵੀ ਇਸ ’ਤੇ ਕਈ ਥਾਵਾਂ ’ਤੇ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਹੀ ਪਾਣੀ ਖੜ੍ਹਾ ਦੇਖਿਆ ਜਾ ਸਕਦਾ ਹੈ। ਇਸ ਫਲਾਈਓਵਰ ’ਤੇ ਪਾਣੀ ਖੜ੍ਹੇ ਹੋਣ ਦਾ ਸਭ ਤੋਂ ਵੱਡਾ ਨੁਕਸਾਨ ਫਲਾਈਓਵਰ ਦੇ ਹੇਠੋਂ ਲੰਘ ਰਹੇ ਰਾਹਗੀਰਾਂ ਅਤੇ ਨਾਲ ਬਣੀਆਂ ਦੁਕਾਨਾਂ ਦੇ ਮਾਲਕਾਂ ਅਤੇ ਗਾਹਕਾਂ ਨੂੰ ਝੱਲਣਾ ਪੈਂਦਾ ਹੈ। ਫਲਾਈਓਵਰ ’ਤੇ ਖੜ੍ਹੇ ਇਸ ਪਾਣੀ ਵਿੱਚੋਂ ਜਦੋਂ ਕੋਈ ਵੱਡਾ ਵਾਹਨ ਲੰਘਦਾ ਹੈ ਤਾਂ ਸਾਰਾ ਪਾਣੀ ਖਿੱਲਰ ਕਿ ਹੇਠਾਂ ਸੜਕ ਅਤੇ ਨਾਲ ਲੱਗਦੀਆਂ ਦੁਕਾਨਾਂ ’ਤੇ ਜਾ ਡਿੱਗਦਾ ਹੈ। ਇਹੋ ਜਿਹੀ ਹਾਲਤ ਹੁਣ ਚੀਮਾ ਚੌਕ ’ਤੇ ਬਣੇ ਨਵੇਂ ਫਲਾਈਓਵਰ ਵਿੱਚ ਵੀ ਦੇਖਣ ਨੂੰ ਮਿਲੀ ਹੈ। ਇਸ ਦੀ ਢੋਲੇਵਾਲ ਪਾਸੇ ਦੀ ਢਲਾਣ ’ਤੇ ਕਾਫੀ ਪਾਣੀ ਖੜ੍ਹਾ ਹੁੰਦਾ ਹੈ। ਜੀਟੀ ਰੋਡ ਹੋਣ ਕਰਕੇ ਇੱਥੋਂ ਲੰਘਣ ਸਮੇਂ ਬਹੁਤੇ ਵਾਹਨਾਂ ਦੀ ਰਫ਼ਤਾਰ ਬਹੁਤ ਜ਼ਿਆਦਾ ਹੁੁੰਦੀ ਹੈ। ਕਈ ਵਾਰ ਇਨ੍ਹਾਂ ਵਾਹਨਾਂ ਰਾਹੀਂ ਗੰਦੇ ਪਾਣੀ ਦੇ ਛਿੱਟੇ ਨਾਲੋਂ ਲੰਘਦੇ ਦੋ ਪਹੀਆ ਵਾਹਨ ਚਾਲਕਾਂ ’ਤੇ ਪੈ ਜਾਂਦੇ ਹਨ। ਲੋਕਾਂ ਨੇ ਹੈਰਾਨੀ ਪ੍ਰਗਟਾਈ ਕਿ ਜੇਕਰ ਇੰਨੇ ਉੱਚੇ ਬਣੇ ਫਲਾਈਓਵਰਾਂ ਤੋਂ ਹੀ ਪਾਣੀ ਦੀ ਚੰਗੀ ਤਰ੍ਹਾਂ ਨਿਕਾਸੀ ਨਹੀਂ ਹੋ ਰਹੀ ਤਾਂ ਫਿਰ ਆਮ ਸੜਕਾਂ, ਬਾਜ਼ਾਰਾਂ ਵਿੱਚ ਹਾਲਾਤ ਕਿਹੋ ਜਿਹੇ ਹੋਣਗੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।