ਮਨੋਜ ਸ਼ਰਮਾ
ਬਠਿੰਡਾ, 27 ਜੁਲਾਈ
ਇੱਥੋਂ ਦੀ ਓਮੈਕਸ ਕਲੋਨੀ ਦੇ ਵਸਨੀਕਾਂ ਲਈ ਧਰਤੀ ਹੇਠਲਾ ਜ਼ਹਿਰੀਲਾ ਪਾਣੀ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈੇ। ਇਸ ਕਾਰਨ ਕਲੋਨੀ ਵਾਸੀ ਲੰਮੇ ਸਮੇਂ ਤੋਂ ਪ੍ਰੇਸ਼ਾਨ ਹਨ, ਪਰ ਕਲੋਨੀ ਦੇ ਪ੍ਰਬੰਧਕ ਇਸ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਅੱਖਾਂ ਮੀਚੀ ਬੈਠੇ ਹਨ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਕੰਪਨੀ ਵੱਲੋੋਂ ਵਾਅਦਾ ਕੀਤਾ ਗਿਆ ਸੀ ਕਿ ਕਲੋਨੀ ਵਾਸੀਆਂ ਨੂੰ ਸ਼ੁੱਧ ਨਹਿਰੀ ਪਾਣੀ ਦਿੱਤਾ ਜਾਵੇਗਾ ਪਰ ਨਹਿਰੀ ਪਾਣੀ ਤਾਂ ਦੂਰ ਦੀ ਗੱਲ, ਕਲੋਨੀ ਅੰਦਰ ਲੱਗਿਆ ਆਰ.ਓ ਪਲਾਂਟ ਵੀ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਟੀਡੀਐਸ 1500 ਤੱਕ ਪੁੱਜ ਗਿਆ ਹੈ। ਇਸ ਕਾਰਨ ਫਲੈਟਾਂ/ਕੋਠੀਆਂ ਅੰਦਰ ਲੱਗੀਆਂ ਟੂਟੀਆਂ ਅਤੇ ਸ਼ਾਵਰ ਵੀ ਖਰਾਬ ਹੋ ਗਏ ਹਨ। ਦੱਸਣਯੋਗ ਹੈ ਕਿ ਕਲੋਨੀ ਪ੍ਰਬੰਧਕਾਂ ਨੇ ਨਵਾਂ ਬੋਰਵੈਲ ਕਰਵਾਇਆ ਗਿਆ ਸੀ ਜਿਸ ਦੇ ਪਾਣੀ ਦਾ ਟੀਡੀਐਸ ਵੀ 1600 ਹੈ। ਕਲੋਨੀ ਵਾਸੀਆਂ ਨੇ ਦੱਸਿਆ ਕਿ ਦੂਸ਼ਿਤ ਪਾਣੀ ਕਾਰਨ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ।
ਕਲੋਨੀ ਵਾਸੀਆਂ ਨੇ ਦੋਸ਼ ਲਗਾਏ ਕਿ ਪਾਣੀ ਦੀ ਸਟੋਰੇਜ ਲਈ ਟੈਂਕ ਬਣਾਉਣ ਦੇ ਖਰਚੇ ਦੇ ਡਰੋਂ ਕੰਪਨੀ ਪੈਰ ਪਿੱਛੇ ਖਿੱਚ ਰਹੀ ਹੈ। ਕਲੋਨੀ ਦੇ ਬਾਸ਼ਿੰਦਿਆਂ ਨੂੰ ਗੰਧਲਾ ਪਾਣੀ ਮੁਹੱਈਆ ਕਰਵਾਉਣਾ ਸੁਪਰੀਮ ਕੋਰਟ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਕਲੋਨੀ ਵਿੱਚ ਸਟਰੀਟ ਲਾਈਟਾਂ ਖਰਾਬ ਹੋਣਾ, ਕਲੋਨੀ ਦੀਆਂ ਸੜਕਾਂ ਦੀ ਰਿਪੇਅਰ ਨਾ ਕਰਵਾਉਣਾ, ਬਿਜਲੀ ਵਾਲੀਆਂ ਤਾਰਾਂ ਢਿੱਲੀਆਂ ਹੋਣਾ, ਸੀਵਰੇਜ ਪਲਾਂਟ ਛੋਟਾ ਹੋਣਾ, ਰੇਨ ਹਾਰਵੈਸਟਿੰਗ ਸਿਸਟਮ ਠੀਕ ਨਾ ਹੋਣਾ ਆਦਿ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ।
ਕਲੋਨੀ ਵਾਸੀਆਂ ਦਾ ਵਫਦ ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਜਸਵਿੰਦਰ ਸਿੰਘ ਫੌਜੀ ਆਦਿ ਦੀ ਅਗਵਾਈ ਹੇਠਲੇ ਵਫਦ ਅੱਜ ਕਲੋਨੀ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਨੂੰ ਮਿਲਿਆ। ਸ੍ਰੀ ਸੰਧੂ ਨੇ ਵਿਸ਼ਵਾਸ ਦਿੱਤਾ ਕਿ ਕਲੋਨੀ ਸ਼ਹਿਰ ਦੇ ਬਾਹਰੀ ਖੇਤਰ ਵਿੱਚ ਹੋਣ ਕਾਰਨ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਜਲਦੀ ਹੀ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਕਲੋਨੀ ਨੂੰ ਨਗਰ ਨਿਗਮ ਬਠਿੰਡਾ ਦੇ ਅਧਿਕਾਰ ਖੇਤਰ ਵਿੱਚ ਲਿਆਂਦਾ ਜਾਵੇਗਾ।