ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਫਰਵਰੀ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਰਨਾਟਕ ਦੇ ਕਈ ਸਕੂਲਾਂ ਕਾਲਜਾਂ ਵਿੱਚ ਮੁਸਲਮਾਨ ਕੁੜੀਆਂ ਦੇ ਹਿਜਾਬ ਪਾ ਕੇ ਆਉਣ ‘ਤੇ ਲੱਗੀ ਪਾਬੰਦੀ ਦੇ ਖਿਲਾਫ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿੱਚ ਰੋਸ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੀਐਸਯੂ ਦੇ ਜ਼ਿਲ੍ਹਾ ਆਗੂ ਸੁਖਪ੍ਰੀਤ ਕੌਰ ਅਤੇ ਕਾਲਜ ਕਮੇਟੀ ਪ੍ਰਧਾਨ ਮਮਤਾ ਰਾਣੀ ਨੇ ਕਿਹਾ ਕਿ ਕਰਨਾਟਕਾ ਵਿੱਚ ਇੱਕ ਸਕੂਲ ਵਿੱਚ ਮੁਸਲਮਾਨ ਕੁੜੀਆਂ ਦੇ ਹਿਜਾਬ ਪਾ ਕੇ ਆਉਣ ‘ਤੇ ਲੱਗੀ ਪਾਬੰਦੀ ਤੋਂ ਬਾਅਦ ਹੁਣ ਕਈ ਕਾਲਜਾਂ ਦੇ ਪ੍ਰਸ਼ਾਸਨ ਵੱਲ਼ੋਂ ਮੁਸਲਮਾਨ ਵਿਦਿਆਰਥਣਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਪਹਿਰਾਵੇ ਦੇ ਅਧਾਰ ‘ਤੇ ਕੀਤਾ ਜਾ ਰਿਹਾ ਇਹ ਵਿਤਕਰਾ ਲੋਕਾਂ ਦੇ ਬੁਨਿਆਦੀ ਹੱਕਾਂ ’ਤੇ ਸਿੱਧਾ ਹਮਲਾ ਹੈ, ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਵਿੱਚ ਰਾਜਕੀ ਦਖਲ ਹੈ। ਇਸ ਮੌਕੇ ਪੀਐਸਯੂ ਦੇ ਆਗੂ ਦਿਲਕਰਨ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਦੇਸ਼ ਵਿੱਚ ਨਫ਼ਰਤੀ ਮਾਹੌਲ ਬਣਾਇਆ ਜਾ ਰਿਹਾ ਹੈ ਅਤੇ ਘੱਟ ਗਿਣਤੀਆਂ ਨੂੰ ਇਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਮੌਕੇ ਬੇਅੰਤ ਕੌਰ ਮਣੀ, ਰਾਜਵਿੰਦਰ ਕੌਰ, ਖੰਦਵੀਰ ਕੌਰ, ਬੇਅੰਤ ਕੌਰ, ਗਗਨਦੀਪ ਕੌਰ, ਸੁਖਪ੍ਰੀਤ ਆਦਿ ਵਿਦਿਆਰਥੀ ਹਾਜ਼ਰ ਸਨ।