ਨਵੀਂ ਦਿੱਲੀ: ਕੇਂਦਰੀ ਵਣਜ ਮੰਤਰਾਲੇ ਨੇ ਕਣਕ ਦੀ ਬਰਾਮਦ ਲਈ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕਰਨ ਲਈ ਨਵੀ ਸ਼ਰਤ ਲਾ ਦਿੱਤੀ ਹੈ। ਮੰਤਰਾਲੇ ਨੇ ਕਣਕ ਬਾਹਰ ਭੇਜਣ ਲਈ ਨਿਯਮ ਵੀ ਸਖ਼ਤ ਕਰ ਦਿੱਤੇ ਹਨ। ਸਰਕਾਰ ਸਿਰਫ ਉਨ੍ਹਾਂ ਵਪਾਰੀਆਂ ਨੂੰ ਹੀ ਕਣਕ ਬਾਹਰ ਭੇਜਣ ਦੀ ਇਜਾਜ਼ਤ ਦੇਵੇਗੀ ਜਿਸ ਨੇ 13 ਮਈ ਜਾਂ ਇਸ ਤੋਂ ਪਹਿਲਾਂ ਕਣਕ ਬਰਾਮਦ ਕਰਨ ਦਾ ਇਕਰਾਰ ਕੀਤਾ ਹੋਇਆ ਹੋਵੇਗਾ। ਦੱਸਣਾ ਬਣਦਾ ਹੈ ਕਿ ਭਾਰਤ ਨੇ 13 ਮਈ ਨੂੰ ਕਣਕ ਦੀ ਬਰਾਮਦ ਕਰਨ ’ਤੇ ਰੋਕ ਲਾਈ ਸੀ। ਡਾਇਰੈਕਟੋਰੇਟ ਜਨਰਲ ਆਫ ਫਾਰਨ ਟਰੇਡ (ਡੀਜੀਐਫਟੀ) ਨੇ ਨਵੀਂ ਸ਼ਰਤ ਲਾਈ ਹੈ ਜਿਸ ਤਹਿਤ ਕਰਜ਼ੇ ਲਈ ਅਰਜ਼ੀ (ਐਲਓਸੀ) ਵੇਲੇ ਦੇਖਿਆ ਜਾਵੇਗਾ ਕਿ ਭਾਰਤ ਤੇ ਵਿਦੇਸ਼ੀ ਬੈਂਕ ਵਿਚ 13 ਮਈ ਤੋਂ ਪਹਿਲਾਂ ਸਮਝੌਤਾ ਹੋਇਆ ਹੋਵੇ। ਮੰਤਰਾਲੇ ਨੇ ਕਿਹਾ ਹੈ ਕਿ ਬਰਾਮਦਕਾਰਾਂ ਨੂੰ ਆਪਣਾ ਕੰਟਰੈਕਟ ਰਜਿਸਟਰਡ ਕਰਵਾਉਣ ਲਈ ਵਿਦੇਸ਼ੀ ਬੈਂਕਾਂ ਨੂੰ ਕੀਤੇ ਸੰਦੇਸ਼ ਤੇ ਐਲਓਸੀ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ। ਡੀਜੀਐਫਟੀ ਨੇ ਇਹ ਨਵੀਂ ਸ਼ਰਤ ਇਸ ਕਰ ਕੇ ਲਾਈ ਹੈ ਕਿਉਂਕਿ ਕਈ ਵਪਾਰੀ ਧੋਖਾਧੜੀ ਜ਼ਰੀਏ ਫਰਜ਼ੀ ਲੈਟਰ ਆਫ਼ ਕ੍ਰੈਡਿਟ ਜਾਰੀ ਕਰਵਾ ਕੇ ਕਣਕ ਬਾਹਰ ਭੇਜਦੇ ਸਨ।-ਪੀਟੀਆਈ