ਵਾਸ਼ਿੰਗਟਨ, 30 ਸਤੰਬਰ
ਏਸ਼ਿਆਈ ਅਮਰੀਕੀ ਅਤੇ ਪ੍ਰਸ਼ਾਂਤ ਦੀਪ ਵਾਸੀਆਂ ’ਤੇ ਰਾਸ਼ਟਰਪਤੀ ਦੇ ਇਕ ਕਮਿਸ਼ਨ ਨੇ ਅਮਰੀਕਾ ਵਿੱਚ ਐੱਚ-1ਬੀ ਵੀਜ਼ਾ ’ਤੇ ਮੋਹਰ ਲਾਉਣ ਦੀ ਸਿਫਾਰਸ਼ ਸਰਬਸੰਮਤੀ ਨਾਲ ਮਨਜ਼ੂਰ ਕਰ ਦਿੱਤੀ ਹੈ। ਜੇਕਰ ਰਾਸ਼ਟਰਪਤੀ ਜੋਅ ਬਾਇਡਨ ਇਸ ਨੂੰ ਮਨਜ਼ੂਰ ਕਰਦੇ ਹਨ ਤਾਂ ਇਸ ਨਾਲ ਹਜ਼ਾਰਾਂ ਪੇਸ਼ੇਵਰਾਂ, ਖ਼ਾਸ ਤੌਰ ’ਤੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ। ਐੱਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ ਜਿਸ ਨਾਲ ਅਮਰੀਕੀ ਕੰਪਨੀਆਂ ਨੂੰ ਖ਼ਾਸ ਵਿਸ਼ੇਸ਼ਤਾ ਵਾਲੇ ਪੇਸ਼ਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੀ ਇਜਾਜ਼ਤ ਮਿਲਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲਾ ਹਜ਼ਾਰਾਂ ਕਾਮਿਆਂ ਨੂੰ ਭਰਤੀ ਕਰਨ ਲਈ ਇਸ ’ਤੇ ਨਿਰਭਰ ਰਹਿੰਦੀਆਂ ਹਨ। ਮੌਜੂਦਾ ਪ੍ਰਕਿਰਿਆ ਤਹਿਤ ਕਿਸੇ ਵਿਅਕਤੀ ਨੂੰ ਅਮਰੀਕੀ ਕੰਪਨੀ ਵਿੱਚ ਨੌਕਰੀ ਕਰਨ ਲਈ ਆਪਣੇ ਦੇਸ਼ ’ਚ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਵਿੱਚ ਵੀਜ਼ਾ ’ਤੇ ਮੋਹਰ ਲਗਵਾਉਣ ਲਈ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ। ਏਸ਼ਿਆਈ ਅਰਮੀਕੀ, ਹਵਾਈ ਮੂਲ ਦੇ ਲੋਕਾਂ ਅਤੇ ਪ੍ਰਸ਼ਾਂਤ ਦੀਪ ਵਾਸੀਆਂ ’ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਬੀਤੇ ਦਿਨ ਵ੍ਹਾਈਟ ਹਾਊਸ ਵਿੱਚ ਹੋਈ ਇਕ ਮੀਟਿੰਗ ਵਿੱਚ ਇਹ ਫੈਸਲਾ ਲਿਆ। -ਪੀਟੀਆਈ