ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਜਨਵਰੀ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਕਰਵਾਉਣ ਲਈ ਕਈ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਹੱਲ ਕਰਵਾਉਣ ਲਈ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਅੱਜ ਸੌ ਦੇ ਕਰੀਬ ਸਕੂਲ ਮੁਖੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਕਿਹਾ। ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਮਿਆਰ ਜਾਂਚਣ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਕਰੋਨਾ ਕਾਰਨ ਸਕੂਲ ਬੰਦ ਹਨ ਤੇ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਅਧਿਆਪਕਾਂ ਵਲੋਂ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ਦੀ ਆਪ ਨਿਗਰਾਨੀ ਕਰਨ ਤੇ ਵਿਦਿਆਰਥੀਆਂ ਦੇ ਨਿਯਮਤ ਟੈਸਟ ਕਰਵਾਏ ਜਾਣ। ਡਾਇਰੈਕਟਰ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਕਰੋਨਾ ਰੋਕੂ ਟੀਕਾ ਲਵਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਕਲੱਸਟਰ ਹੈਡ ਰੋਜ਼ਾਨਾ ਸਕੂਲਾਂ ਵਿਚ ਜਾ ਕੇ ਆਨਲਾਈਨ ਪੜ੍ਹਾਈ ਦਾ ਮਿਆਰ ਚੈਕ ਕਰਨਗੇ ਤੇ ਜੇ ਕਿਸੇ ਸਕੂਲ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਵਿਭਾਗ ਦੇ ਸਿਖਰਲੇ ਅਧਿਕਾਰੀਆਂ ਤਕ ਪੁੱਜਦੀ ਕਰਨਗੇ। ਸਕੂਲ ਮੁਖੀਆਂ ਨੇ ਡਾਇਰੈਕਟਰ ਨੂੰ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਕਰਵਾਉਣਾ ਔਖਾ ਕਾਰਜ ਹੈ ਕਿਉਂਕਿ ਇਨ੍ਹਾਂ ਸਕੂਲਾਂ ਵਿੱਚ ਜ਼ਿਆਦਾਤਰ ਗਰੀਬ ਤੇ ਦਿਹਾੜੀਦਾਰ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਇਨ੍ਹਾਂ ਕੋਲ ਆਨਲਾਈਨ ਪੜ੍ਹਾਈ ਲਈ ਨਾ ਹੀ ਕੰਪਿਊਟਰ ਹਨ ਤੇ ਨਾ ਹੀ ਇੰਟਰਨੈਟ ਦੀ ਸਹੂਲਤ। ਇਸ ਤੋਂ ਬਾਅਦ ਡਾਇਰੈਕਟਰ ਨੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਗਰੀਬ ਵਿਦਿਆਰਥੀਆਂ ਦੀ ਸੂਚੀ ਤਿਆਰ ਕਰਨ। ਇਕ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਜਿਨ੍ਹਾਂ ਅਧਿਆਪਕਾਂ ਦੇ ਘਰ ਵਿੱਚ ਪੁਰਾਣੇ ਜਾਂ ਅਣਵਰਤੋਂ ਵਾਲੇ ਫੋਨ ਪਏ ਹਨ ਉਨ੍ਹਾਂ ਨੂੰ ਗਰੀਬ ਵਿਦਿਆਰਥੀਆਂ ਨੂੰ ਦੇ ਕੇ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ।
ਵਟਸਐਪ ਗਰੁੱਪ ਨਾ ਹੋਣ ਕਾਰਨ ਸਮੱਸਿਆ
ਪਤਾ ਲੱਗਿਆ ਹੈ ਕਿ ਕਈ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਕੋਲ ਬੱਚਿਆਂ ਦੇ ਮਾਪਿਆਂ ਦੇ ਫੋਨ ਨੰਬਰ ਹੀ ਨਹੀਂ ਹਨ ਜਦਕਿ ਇਸ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਪਹਿਲਾਂ ਹੀ ਬੱਚਿਆਂ ਦੇ ਮਾਪਿਆਂ ਦੇ ਵਟਸਐਪ ਗਰੁੱਪ ਬਣਾਏ ਹੋਏ ਸਨ ਜਿਸ ਕਾਰਨ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਉਣ ਲਈ ਕੋਈ ਮੁਸ਼ਕਲ ਨਹੀਂ ਆਈ ਪਰ ਸਰਕਾਰੀ ਸਕੂਲਾਂ ਵਿਚ ਕਈ ਸਮੱਸਿਆਵਾਂ ਹਨ