ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 26 ਜੂਨ
ਇੱਥੋਂ ਨੇੜਲੇ ਪਿੰਡ ਮਹਿਮਾ ਸਰਜਾ ਵਿੱਚ ਅੱਜ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਦੀ ਇਮਾਰਤ ਦੇ ਨੀਂਹ ਪੱਥਰ ਰੱਖਣ ਆਉਣਾ ਸੀ। ਇਸ ਦੀ ਭਿਣਕ ਪੈਂਦਿਆਂ ਹੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਲਾਇਬਰੇਰੀ ਦੇ ਮੁੱਖ ਦਰਵਾਜ਼ੇ ਅੱਗੇ ਝੰਡੇ ਲੈ ਕੇ ਡਟ ਗਏ। ਦੂਜੇ ਪਾਸੇ ਕਿਸਾਨਾਂ ਦੇ ਵਿਰੋਧ ਦੀ ਸੂਹ ਮਿਲਦਿਆਂ ਹੀ ਹਲਕਾ ਵਿਧਾਇਕ ਪ੍ਰੀਤਮ ਸਿੰਘ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਰੋਹ ਵਿੱਚ ਆਉਂਦਿਆਂ ਲਾਇਬਰੇਰੀ ਦੇ ਨੀਂਹ ਪੱਥਰ ’ਤੇ ਉਕਰੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਚੇਅਰਮੈਨ ਲਖਵਿੰਦਰ ਸਿੰਘ ਲੱਖਾ ਅਤੇ ਚੇਅਰਮੈਨ ਕੁਲਵੰਤ ਸਿੰਘ ਦੇ ਨਾਵਾਂ ’ਤੇ ਖਾਕੀ ਟੇਪ ਲਗਾ ਦਿੱਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨੇ ਕਰੀਬ ਦੋ ਸਾਲ ਪਹਿਲਾਂ ਪਿੰਡ ਲੱਖੀ ਜੰਗਲ, ਮਹਿਮਾ ਸਰਜਾ ਅਤੇ ਨਾਥੀਆਣਾ ਨੂੰ ਸਮਾਰਟ ਪਿੰਡ ਬਣਾਉਣ ਲਈ 10 ਕਰੋੜ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਤੱਕ ਕਿਸੇ ਕੰਮ ਨੂੰ ਨੇਪਰੇ ਨਹੀਂ ਚਾੜ੍ਹਿਆ। ਉਨ੍ਹਾਂ ਕਿਹਾ ਕਿ ਮਹਿਮਾ ਸਰਜਾ ਤੋਂ ਨੇਹੀਆਂ ਵਾਲਾ ਤੇ ਨੇੜਲੇ ਪਿੰਡਾਂ ਦੀਆਂ ਸੜਕਾਂ ’ਤੇ ਵੱਡੇ-ਵੱਡੇ ਖੱਡੇ ਬਣੇ ਹੋਏ ਹਨ ਪਰ ਹਲਕਾ ਵਿਧਾਇਕ ਦੀ ਕਥਿਤ ਨਲਾਇਕੀ ਕਾਰਨ ਇਨ੍ਹਾਂ ਦੀ ਮੁਰੰਮਤ ਨਹੀਂ ਹੋ ਰਹੀ, ਜਿਸ ਕਾਰਨ ਅੱਜ ਕਿਸਾਨਾਂ ਨੇ ਨੀਂਹ ਪੱਥਰ ਉੱਤੇ ਉਕਰੇ ਵਿਧਾਇਕ ਦੇ ਨਾਂ ’ਤੇ ਚੇਪੀ ਲਾ ਕੇ ਰੋਸ ਪ੍ਰਗਟਾਇਆ ਹੈ। ਵਿਧਾਇਕ ਦਾ ਦੌਰਾ ਰੱਦ ਹੋਣ ਮਗਰੋਂ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਨੇ ਕਾਂਗਰਸੀ ਆਗੂਆਂ ਦੇ ਨਾਂ ’ਤੇ ਚੇਪੀ ਲੱਗੇ ਨੀਂਹ ਪੱਥਰ ਦਾ ਉਦਘਾਟਨ ਕੀਤਾ।