ਟੋਕੀਓ: ਓਲੰਪਿਕ ਦੇ ਟੇਬਲ ਟੈਨਿਸ ਮੁਕਾਬਲੇ ਵਿੱਚ ਮੁਹਾਰਤ, ਹੁਨਰ ਅਤੇ ਜਜ਼ਬੇ ਦੀ ਸ਼ਾਨਦਾਰ ਮਿਸਾਲ ਪੇਸ਼ ਕਰਨ ਦੇ ਬਾਵਜੂਦ ਭਾਰਤੀ ਸਟਾਰ ਅਚੰਤਾ ਸ਼ਰਤ ਕਮਲ (39) ਅੱਜ ਇੱਥੇ ਚੀਨ ਦੇ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਮਾ ਲੌਂਗ ਤੋਂ 1-4 ਨਾਲ ਹਾਰ ਗਿਆ। ਇਸ ਹਾਰ ਦੇ ਨਾਲ ਹੀ ਟੋਕੀਓ ਖੇਡਾਂ ਵਿੱਚ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ। ਆਪਣਾ ਚੌਥਾ ਓਲੰਪਿਕ ਖੇਡ ਰਹੇ ਸ਼ਰਤ ਨੇ ਤੀਜੇ ਗੇੜ ਦੇ ਮੈਚ ਵਿੱਚ ਆਪਣੇ ਮਜ਼ਬੂਤ ਵਿਰੋਧੀ ਨੂੰ ਪਹਿਲੇ ਤਿੰਨ ਸੈੱਟ ਤੱਕ ਸਖ਼ਤ ਚੁਣੌਤੀ ਦਿੱਤੀ। ਅਖ਼ੀਰ ਵਿੱਚ ਉਸ ਨੂੰ 46 ਮਿੰਟ ਤੱਕ ਚੱਲੇ ਮੈਚ ਵਿੱਚ 7-11, 11-8, 11-13, 4-11, 4-11 ਨਾਲ ਹਾਰ ਝੱਲਣੀ ਪਈ। ਸ਼ਰਤ ਅਤੇ ਮਨਿਕਾ ਬੱਤਰਾ ਦੋਵੇਂ ਪਹਿਲੇ ਭਾਰਤੀ ਖਿਡਾਰੀ ਹਨ, ਜੋ ਤੀਜੇ ਗੇੜ ਵਿੱਚ ਥਾਂ ਬਣਾਉਣ ਵਿੱਚ ਸਫ਼ਲ ਰਹੇ ਸਨ। ਜੀ. ਸਾਥੀਆਨ ਅਤੇ ਸੁਤੀਰਥਾ ਮੁਖਰਜੀ ਹਾਲਾਂਕਿ ਦੂਜੇ ਗੇੜ ਤੋਂ ਅੱਗੇ ਨਹੀਂ ਵੱਧ ਸਕੇ। ਮਿਕਸਡ ਡਬਲਜ਼ ਵਿੱਚ ਸ਼ਰਤ ਤੇ ਮਨਿਕਾ ਨੂੰ ਤਗ਼ਮੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। -ਪੀਟੀਆਈ
‘ਕੋਚ ਦੀ ਮਦਦ ਲੈਣ ਤੋਂ ਇਨਕਾਰ ਅਨੁਸ਼ਾਸਨਹੀਣਤਾ’
ਨਵੀਂ ਦਿੱਲੀ: ਟੋਕੀਓ ਓਲੰਪਿਕ ਦੌਰਾਨ ਕੌਮੀ ਕੋਚ ਸੌਮਿਆਦੀਪ ਰੌਏ ਦੀ ਸੇਵਾਵਾਂ ਲੈਣ ਤੋਂ ਮਨਿਕਾ ਬੱਤਰਾ ਦੇ ਇਨਕਾਰ ਨੂੰ ਭਾਰਤੀ ਟੇਬਲ ਟੈਨਿਸ ਫੈਡਰੇਸ਼ਨ ਨੇ ਅਨੁਸ਼ਾਸਨਹੀਣਤਾ ਕਰਾਰ ਦਿੱਤਾ ਹੈ। ਫੈਡਰੇਸ਼ਨ ਨੇ ਕਿਹਾ ਕਿ ਅਗਲੇ ਮਹੀਨੇ ਕਾਰਜਕਾਰੀ ਬੋਰਡ ਦੀ ਮੀਟਿੰਗ ਦੌਰਾਨ ਉਸ ਖਿਲਾਫ ਕਾਰਵਾਈ ਹੋਵੇਗੀ।