ਚਰਨਜੀਤ ਭੁੱਲਰ
ਚੰਡੀਗੜ੍ਹ, 18 ਸਤੰਬਰ
ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਨੂੰ ਠੱਲ੍ਹ ਪਾਉਣ ਲਈ ਜਾਰੀ ਕੀਤੀ ਗਈ ‘ਐਂਟੀ ਕੁਰੱਪਸ਼ਨ ਐਕਸ਼ਨ ਲਾਈਨ’ ’ਤੇ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਸ਼ਿਕਾਇਤਾਂ ਹਾਲੇ ਕਾਰਵਾਈ ਤੋਂ ਵਾਂਝੀਆਂ ਹਨ। ਹੁਣ ਜਦੋਂ ਛੇ ਮਹੀਨਿਆਂ ਮਗਰੋਂ ਇਸ ’ਤੇ ਨਜ਼ਰ ਮਾਰਦੇ ਹਾਂ ਤਾਂ ਜਿੱਥੇ ਲੋਕਾਂ ਦਾ ਜੋਸ਼ ਮੱਠਾ ਪਿਆ ਹੈ, ਉੱਥੇ ਇਨ੍ਹਾਂ ਸ਼ਿਕਾਇਤਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ।
ਵੇਰਵਿਆਂ ਅਨੁਸਾਰ ‘ਐਂਟੀ ਕੁਰੱਪਸ਼ਨ ਐਕਸ਼ਨ ਲਾਈਨ’ ’ਤੇ ਪੰਜਾਬ ਭਰ ’ਚੋਂ ਹੁਣ ਤੱਕ (15 ਮਾਰਚ ਤੋਂ 16 ਸਤੰਬਰ ਤੱਕ) 3,38,559 ਸ਼ਿਕਾਇਤਾਂ ਪੁੱਜੀਆਂ ਹਨ, ਜਿਨ੍ਹਾਂ ’ਚੋਂ 4,793 ਸ਼ਿਕਾਇਤਾਂ ਨਾਲ ਬਾਕਾਇਦਾ ਆਡੀਓ/ਵੀਡੀਓ ਕਲਿੱਪ ਵੀ ਭੇਜੇ ਗਏ ਹਨ। ਇਨ੍ਹਾਂ ਸ਼ਿਕਾਇਤਾਂ ’ਚੋਂ ਵਿਜੀਲੈਂਸ ਨੂੰ ਸਿਰਫ਼ 187 ਕੇਸ ਹੀ ਕਾਰਵਾਈ ਕਰਨ ਯੋਗ ਲੱਭੇ ਹਨ, ਜਿਨ੍ਹਾਂ ਦੇ ਆਧਾਰ ’ਤੇ ਵਿਜੀਲੈਂਸ ਨੇ 45 ਪੁਲੀਸ ਕੇਸ ਦਰਜ ਕੀਤੇ ਹਨ ਤੇ 66 ਵੱਢੀਖੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ 2477 ਸ਼ਿਕਾਇਤਾਂ ਦੂਸਰੇ ਵਿਭਾਗਾਂ ਨੂੰ ਭੇਜ ਦਿੱਤੀਆਂ ਹਨ, ਜਿਨ੍ਹਾਂ ਦਾ ਤੁਅੱਲਕ ਵਿਜੀਲੈਂਸ ਨਾਲ ਨਹੀਂ ਸੀ। ਇਸੇ ਤਰ੍ਹਾਂ 2129 ਸ਼ਿਕਾਇਤਾਂ ਨੂੰ ਗ਼ੈਰ ਪ੍ਰਸੰਗਕ ਸਮਝਿਆ ਗਿਆ ਹੈ। ਵਿਜੀਲੈਂਸ ਨੇ ਹੁਣ ਤੱਕ ਅੱਧੀ ਦਰਜਨ ਗਜ਼ਟਿਡ ਅਧਿਕਾਰੀ ਫੜੇ ਹਨ, ਜਦਕਿ 20 ਕੇਸ ਸਿਵਲੀਅਨਾਂ ਖ਼ਿਲਾਫ਼, 20 ਕੇਸ ਪੁਲੀਸ ਅਫ਼ਸਰਾਂ ਖ਼ਿਲਾਫ਼ ਤੇ 20 ਕੇਸ ਸਿਵਲ ਵਿਭਾਗਾਂ ਖ਼ਿਲਾਫ਼ ਦਰਜ ਕੀਤੇ ਗਏ ਹਨ।
ਸ਼ਿਕਾਇਤਕਰਤਾ ਕੋਈ ਕਾਰਵਾਈ ਨਾ ਹੋਣ ਕਰਕੇ ਨਿਰਾਸ਼ ਵੀ ਹਨ। ਬਠਿੰਡਾ ਦੇ ਸਾਧੂ ਰਾਮ ਕੁਸਲਾ ਨੇ ‘ਐਂਟੀ ਕੁਰੱਪਸ਼ਨ ਐਕਸ਼ਨ ਲਾਈਨ’ ’ਤੇ ਸਭ ਤੋਂ ਪਹਿਲੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਹਾਲੇ ਤੱਕ ਉਸ ਸ਼ਿਕਾਇਤ ’ਤੇ ਕਾਰਵਾਈ ਨਹੀਂ ਹੋਈ। ਵੇਰਵਿਆਂ ਅਨੁਸਾਰ ਜਦੋਂ ‘ਐਂਟੀ ਕਰੱਪਸ਼ਨ ਐਕਸ਼ਨ ਲਾਈਨ’ ਜਾਰੀ ਕੀਤੀ ਗਈ ਸੀ ਤਾਂ ਉਸ ਪਹਿਲੇ ਮਾਰਚ ਮਹੀਨੇ ਵਿੱਚ 1,19,359 ਲੋਕਾਂ ਨੇ ਸ਼ਿਕਾਇਤਾਂ ਭੇਜੀਆਂ ਸਨ ਅਤੇ ਅਗਲੇ ਅਪਰੈਲ ਮਹੀਨੇ ਵਿੱਚ 96,983 ਸ਼ਿਕਾਇਤਾਂ ਪੁੱਜੀਆਂ ਸਨ।
ਮਈ ਮਹੀਨੇ ’ਚ ਲੋਕਾਂ ਦਾ ਉਤਸ਼ਾਹ ਮੱਠਾ ਪੈ ਗਿਆ ਤੇ ਇਸ ਮਹੀਨੇ ਵਿੱਚ ਸ਼ਿਕਾਇਤਾਂ ਦੀ ਗਿਣਤੀ ਘੱਟ ਕੇ 43,562 ਰਹਿ ਗਈ। ਜੁਲਾਈ ਮਹੀਨੇ ਵਿੱਚ ਇਹ ਅੰਕੜਾ 27,536 ਸ਼ਿਕਾਇਤਾਂ ਦਾ ਰਹਿ ਗਿਆ ਤੇ ਚਾਲੂ ਸਤੰਬਰ ਮਹੀਨੇ ਵਿੱਚ ਹੁਣ ਤੱਕ 4,188 ਸ਼ਿਕਾਇਤਾਂ ਪੁੱਜੀਆਂ ਹਨ। ਵਿਜੀਲੈਂਸ ਦੇ ਸੂਤਰ ਆਖਦੇ ਹਨ ਕਿ ਬਹੁਤੀਆਂ ਸ਼ਿਕਾਇਤਾਂ ਦਾ ਕੋਈ ਆਧਾਰ ਨਹੀਂ ਸੀ ਤੇ ਨਾ ਹੀ ਕੋਈ ਸਬੂਤ ਸੀ, ਜਿਸ ਕਰਕੇ ਮੁੱਢਲੀ ਪੜਤਾਲ ਮਗਰੋਂ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਔਸਤਨ ਅੰਕੜਾ ਦੇਖੀਏ ਤਾਂ ਮਾਰਚ ਮਹੀਨੇ ਵਿੱਚ ਰੋਜ਼ਾਨਾ ਔਸਤਨ 7957 ਸ਼ਿਕਾਇਤਾਂ ਪ੍ਰਤੀ ਦਿਨ ਪੁੱਜੀਆਂ ਸਨ, ਜਦਕਿ ਅਪਰੈਲ ਮਹੀਨੇ ਵਿੱਚ ਇਹ 3,232 ਰਹਿ ਗਈਆਂ। ਇਸੇ ਤਰ੍ਹਾਂ ਜੁਲਾਈ ਮਹੀਨੇ ਵਿੱਚ ਪ੍ਰਤੀ ਦਿਨ 917, ਅਗਸਤ ਮਹੀਨੇ ’ਚ 726 ਤੇ ਸਤੰਬਰ ਮਹੀਨੇ ਵਿੱਚ ਰੋਜ਼ਾਨਾ ਔਸਤਨ 261 ਸ਼ਿਕਾਇਤਾਂ ਪੁੱਜੀਆਂ ਹਨ। ਸਰਕਾਰੀ ਸੂਤਰ ਆਖਦੇ ਹਨ ਕਿ ‘ਆਪ’ ਸਰਕਾਰ ਨੇ ਵੱਡੀਆਂ ਮੱਛੀਆਂ ਤੋਂ ਸ਼ੁਰੂਆਤ ਕੀਤੀ ਹੈ। ਆਪਣੇ ਹੀ ਮੰਤਰੀ ਵਿਜੈ ਸਿੰਗਲਾ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਸਾਬਕਾ ਕਾਂਗਰਸੀ ਵਜ਼ੀਰਾਂ ਭਾਰਤ ਭੂਸ਼ਨ ਆਸ਼ੂ ,ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਭਗਤੂਪੁਰਾ ਘਪਲੇ ਦੀ ਜਾਂਚ ਨੂੰ ਲੱਗੀ ਬਰੇਕ
‘ਆਪ’ ਸਰਕਾਰ ਨੇ ਭਗਤੂਪੁਰਾ ਜ਼ਮੀਨ ਘੁਪਲੇ ਮਾਮਲੇ ਵਿੱਚ ਚੁੱਪ ਧਾਰ ਲਈ ਹੈ। ਜਾਂਚ ਕਮੇਟੀ ਦੀ ਰਿਪੋਰਟ ਹਰੀ ਝੰਡੀ ਲਈ ਮੁੱਖ ਮੰਤਰੀ ਕੋਲ ਪਈ ਹੈ। ਇਸੇ ਤਰ੍ਹਾਂ ਖੇਡ ਕਿੱਟਾਂ ਦੇ ਘਪਲੇ ਦੀ ਜਾਂਚ ਦੀ ਸਿਫ਼ਾਰਸ਼ ਵਿਜੀਲੈਂਸ ਕੋਲ ਨਹੀਂ ਪੁੱਜੀ ਹੈ। ਪੰਚਾਇਤ ਮੰਤਰੀ ਨੇ ਖੇਤੀ ਮਸ਼ੀਨਰੀ ਘਪਨੇ ਦੀ ਵਿਜੀਲੈਂਸ ਦੀ ਸਿਫ਼ਾਰਸ਼ ਮੁੱਖ ਮੰਤਰੀ ਕੋਲ ਭੇਜੀ ਸੀ ਪਬ ਇਨ੍ਹਾਂ ਰਿਪੋਰਟਾਂ ਨੂੰ ਬਰੇਕ ਲੱਗ ਗਈ ਹੈ।