ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਫਸਲਾਂ ਤੋਂ ਕਿਸਾਨਾਂ ਦੀ ਆਮਦਨ ’ਚ 52 ਫੀਸਦੀ ਵਾਧਾ, 3.89 ਲੱਖ ਵਿਦਿਆਰਥੀਆਂ ਲਈ ਮੁਫ਼ਤ ਸਮਾਰਟ ਫੋਨ, ਪੰਜਾਬ ’ਚ 12976 ਸਮਾਰਟ ਸਕੂਲ, ਸਕੂਲੀ ਸਿੱਖਿਆ ’ਚ ਪੰਜਾਬ ਪਹਿਲੇ ਨੰਬਰ ’ਤੇ, ਸ਼ਹਿਰਾਂ ’ਚ 50 ਫੀਸਦੀ ਮਹਿਲਾ ਕੌਂਸਲਰ, ਅਜਿਹੇ ਅਨੇਕਾਂ ਹੀ ਬੋਰਡਾਂ ਦੇ ਨਾਲ ਅੱਜ ਕੱਲ੍ਹ ਲੁਧਿਆਣਾ ਸ਼ਹਿਰ ਦੇ ਹਰ ਸੜਕ ਭਰੀ ਹੋਈ ਹੈ। ਸਮਾਰਟ ਸਿਟੀ ਲੁਧਿਆਣਾ ਦਾ ਕੋਈ ਇਲਾਕਾ ਅਜਿਹਾ ਨਹੀਂ, ਜਿੱਥੇ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਅਜਿਹੇ ਦਾਅਵਿਆਂ ਦੋ ਬੋਰਡ ਨਾ ਲੱਗੇ ਹੋਣ। ਇਨ੍ਹਾਂ ਬੋਰਡਾਂ ਨੂੰ ਦੇਖ ਕੇ ਸੱਤਾਧਾਰੀ ਭਾਵੇਂ ਇਹ ਦਾਅਵੇ ਕਰ ਰਹੇ ਹਨ ਕਿ ਕੈਪਟਨ ਸਰਕਾਰ ਸਾਢੇ ਚਾਰ ਸਾਲ ਵਿੱਚ ਕੀਤੇ ਆਪਣੇ ਵਾਅਦਿਆਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਰੱਖਿਆ ਹੈ, ਪਰ ਵਿਰੋਧੀ ਇਨ੍ਹਾਂ ਬੋਰਡਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਲੋਕਾਂ ਨੂੰ ਸਵਾਲ ਪੁੱਛ ਰਹੇ ਹਨ। ਦਰਅਸਲ, ਵਿਧਾਨਸਭਾ ਚੋਣਾਂ ਨੇੜੇ ਆਉਂਦੇ ਹੀ ਹੁਣ ਕੈਪਟਨ ਸਰਕਾਰ ਨੇ ਸ਼ਹਿਰ ਵਿੱਚ ਲੋਕਾਂ ਨੂੰ ਆਪਣੇ ਕੀਤੇ ਕੰਮ ਗਿਣਾਉਣ ਲਈ ਥਾਂ ਥਾਂ ਬੋਰਡ ਲਗਾ ਦਿੱਤੇ ਹਨ। ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ 200 ਤੋਂ ਵੱਧ ਥਾਵਾਂ ’ਤੇ ਕੈਪਟਨ ਸਰਕਾਰ ਵੱਲੋਂ ਇਸ਼ਤਿਾਹਾਰੀ ਬੋਰਡ ਲਗਾਏ ਗਏ ਹਨ। ਸ਼ਹਿਰ ਦੇ ਘੰਟਾ ਘਰ -ਰੇਲਵੇ ਸਟੇਸ਼ਨ ਰੋਡ ’ਤੇ ਐਲੀਵੇਟੇਡ ਪੁੱਲ ਥੱਲੇ ਸਾਰੇ ਹੀ ਪਿੱਲਰਾਂ ’ਤੇ ਬੋਰਡ ਲਗਾਏ ਗਏ ਹਨ, ਪਵੇਲਿਅਨ ਮਾਲ, ਮਾਲ ਰੋਡ, ਜਗਰਾਉਂ ਪੁੱਲ, ਸਰਾਭਾ ਨਗਰ, ਕਾਲਜ ਰੋਡ, ਗਿੱਲ ਰੋਡ, ਮਾਡਲ ਟਾਊਨ, ਕਿਚਲੂ ਨਗਰ, ਹੈਬੋਵਾਲ ਰੋਡ ਸਣੇ ਸ਼ਹਿਰ ਦਾ ਕੋਈ ਹਿੱਸਾ ਅਜਿਹਾ ਨਹੀਂ, ਜਿੱਥੇ ਸੜਕਾਂ ਤੇ ਗਲੀਆਂ ਵਿੱਚ ਕੈਪਟਨ ਸਰਕਾਰ ਵੱਲੋਂ ਅਜਿਹੇ ਬੋਰਡ ਨਾ ਲਗਾਏ ਗਏ ਹਨ। ਇਸ਼ਤਿਹਾਰੀ ਬੋਰਡਾਂ ’ਤੇ ਮੁੱਖ ਤੌਰ ’ਤੇ ਕਿਸਾਨਾਂ ਨੂੰ 48 ਘੰਟੇ ’ਤੇ ਫਸਲਾਂ ਦੀ ਅਦਾਇਗੀ, ਸ਼ਹੀਦਾਂ ਦੇ ਪਰਿਵਾਰਾਂ ਲਈ 50 ਲੱਖ ਰੁਪਏ ਦੀ ਵਿੱਤੀ ਸਹਾਇਤਾ, ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ 8 ਹਜ਼ਾਰ ਤੋਂ 12 ਹਜ਼ਾਰ ਪ੍ਰਤੀ ਏਕੜ ਕੀਤਾ, 5.64 ਲੱਖ ਕਿਸਾਨਾਂ ਨੂੰ 4624 ਕਰੋੜ ਰਾਹਤ ਦਿੱਤੀ ਗਈ, ਇਸ ਤਰ੍ਹਾਂ ਦੇ ਬੋਰਡ ਲਗਾਏ ਗਏ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਕੈਪਟਨ ਸਰਕਾਰ ਦਾ ਸਾਢੇ ਚਾਰ ਸਾਲ ਦਾ ਸਫ਼ਰ ਇਤਿਹਾਸਕ ਰਿਹਾ ਹੈ। ਕੈਪਟਨ ਸਰਕਾਰ ਕਾਫ਼ੀ ਕੰਮ ਕੀਤੇ ਹਨ, ਜਿਸਦੇ ਬਾਰੇ ਵਿੱਚ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਰ ਕੰਮ ਕੀਤੇ ਹਨ, ਤਾਂ ਹੀ ਸ਼ਹਿਰ ਵਿੱਚ ਬੋਰਡ ਲਗਾਏ ਹਨ।
ਉਧਰ, ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ, ਹੁਣ ਬੋਰਡਾਂ ’ਤੇ ਵੀ ਝੂਠੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰ ਲੋਕ ਕੈਪਟਨ ਸਰਕਾਰ ’ਤੇ ਹੁਣ 2022 ਵਿੱਚ ਵਿਸ਼ਵਾਸ ਨਹੀਂ ਕਰਨਗੇ।