ਪੱਤਰ ਪ੍ਰੇਰਕ
ਫਗਵਾੜਾ, 18 ਸਤੰਬਰ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਦਿੱਲੀ ਤੋਂ ਕਈ ਰਾਜਾਂ ਨੂੰ ਜਾਣ ਲਈ ਦੋ ਨਵੀਆਂ ਰੇਲਗੱਡੀਆਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ‘ਵੰਦੇ ਭਾਰਤ’ ਦੀਆਂ ਦੋ ਨਵੀਆਂ ਰੇਲਗੱਡੀਆਂ ਚਲਾਈਆਂ ਜਾਣ। ਕੇਂਦਰੀ ਮੰਤਰੀ ਨੇ ਦਿੱਲੀ ਤੋਂ ਅੰਮ੍ਰਿਤਸਰ ਵਾਇਆ ਚੰਡੀਗੜ੍ਹ ਤੇ ਦਿੱਲੀ ਤੋਂ ਊਨਾ ਹੁੰਦੇ ਹੋਏ ਚੰਡੀਗੜ੍ਹ ਦੇ ਲਈ ਰੇਲ ਗੱਡੀ ਚਲਾਉਣ ਦੀ ਮੰਗ ਕਰਦਿਆਂ ਜ਼ਿਲ੍ਹੇ ਦੇ ਲੋਕਾਂ ਨੂੰ ਰੇਲਗੱਡੀਆਂ ਦੀ ਨਾ ਹੋਣ ਕਾਰਨ ਆ ਰਹੀ ਪ੍ਰੇਸ਼ਾਨੀ ਬਾਰੇ ਵੀ ਜ਼ਿਕਰ ਕੀਤਾ। ਸੋਮ ਪ੍ਰਕਾਸ਼ ਨੇ ਆਖਿਆ, ‘‘ਮੈਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ। ਇਸ ਦੌਰਾਨ ਪਤਾ ਲੱਗਾ ਹੈ ਕਿ ਉਕਤ ਰੂਟਾਂ ’ਤੇ ਗੱਡੀਆਂ ਨਾ ਹੋਣ ਕਾਰਨ ਲੋਕਾਂ ਨੂੰ ਮਹਿੰਗਾ ਸਫ਼ਰ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਰੂਟਾਂ ’ਤੇ ਗੱਡੀਆਂ ਜ਼ਰੂਰ ਚਲਾਈਆਂ ਜਾਣ।’’