ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਸਨਮੁੱਖ ਹਰ ਬਾਲਗ ਵਿਅਕਤੀ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਬਾਰੇ ਪ੍ਰੇਰਿਤ ਕਰਨ ਲਈ ਸਵੀਪ ਗਤੀਵਿਧੀਆਂ ਦੀ ਅਹਿਮ ਭੂਮਿਕਾ ਹੈ ਤੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਸਵੀਪ ਲਈ ਤਾਇਨਾਤ ਕੀਤੇ ਗਏ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਸਰਵੌਤਮ ਬਣਾਏ ਜਾਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟ ਪ੍ਰਤੀਸ਼ਤਤਾ ਪੱਖੋਂ ਜ਼ਿਲ੍ਹਾ ਸੰਗਰੂਰ ਮੋਹਰੀ ਸਾਬਤ ਹੋ ਸਕੇ। ਇਹ ਪ੍ਰਗਟਾਵਾ ਜ਼ਿਲ੍ਹਾ ਸਵੀਪ ਦੇ ਨੋਡਲ ਅਧਿਕਾਰੀ ਅਤੇ ਏ.ਡੀ.ਸੀ ਸ਼੍ਰੀ ਲਤੀਫ਼ ਅਹਿਮਦ ਨੇ ਅੱਜ ਸਵੀਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗੀ ਪੱਧਰ ’ਤੇ ਕਾਰਗੁਜ਼ਾਰੀ ਨੂੰ ਤੇਜ਼ ਰੱਖਿਆ ਜਾਵੇ ਇਸ ਲਈ ਹਰ ਸਬੰਧਤ ਵਿਭਾਗ ਮਜ਼ਬੂਤ ਲੋਕਤੰਤਰ ਲਈ ਹਰ ਨੌਜਵਾਨ, ਮਹਿਲਾ ਤੇ ਪੁਰਸ਼ਾਂ ਦੇ ਨਾਲ ਨਾਲ ਟਰਾਂਸਜੈਂਡਰ ਵੋਟਰਾਂ ਤੱਕ ਪਹੁੰਚ ਕਰੇ ਤੇ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕਰੇ। ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹੁਣ ਤੱਕ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ, ਜਨਤਕ ਸਥਾਨਾਂ, ਬੈਂਕਾਂ, ਧਾਰਮਿਕ ਸਥਾਨਾਂ ਆਦਿ ਤੱਕ ਪਹੁੰਚ ਬਣਾਉਂਦੇ ਹੋਏ ਬੈਨਰਾਂ ਰਾਹੀਂ ਸੁਨੇਹੇ ਪਹੁੰਚਾਏ ਜਾ ਰਹੇ ਹਨ ਤੇ ਪਬਲਿਕ ਡੀਲਿੰਗ ਵਾਲੇ ਸਥਾਨਾਂ ’ਤੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।