ਹਰਜੀਤ ਸਿੰਘ
ਡੇਰਾਬੱਸੀ, 28 ਅਗਸਤ
ਪਿੰਡ ਮਹਿਮਦਪੁਰ ’ਚ ਅੱਜ ਵਾਲਮੀਕਿ ਭਾਈਚਾਰੇ ਦੇ ਪ੍ਰੋਗਰਾਮ ’ਚ ਭਾਜਪਾ ਦੇ ਵੱਡੇ ਆਗੂ ਦੀ ਆਉਣ ਦੀ ਚਰਚਾ ਮਗਰੋਂ ਪਿੰਡ ’ਚ ਵੱਡੀ ਤਾਦਾਤ ਵਿੱਚ ਕਿਸਾਨ ਇਕੱਤਰ ਹੋਣੇ ਸ਼ੁਰੂ ਹੋ ਗਏ। ਕਿਸਾਨਾਂ ਨੇ ਪਿੰਡ ਦੇ ਬਾਹਰਲੇ ਪਾਸੇ ਦਰੀ ਵਿੱਛਾ ਕੇ ਧਰਨਾ ਲਾ ਦਿੱਤਾ ਪਰ ਕਾਫੀ ਦੇਰ ਉੱਡੀਕ ਕਰਨ ਮਗਰੋਂ ਭਾਜਪਾ ਆਗੂ ਪ੍ਰੋਗਰਾਮ ਵਿੱਚ ਨਹੀਂ ਪਹੁੰਚਿਆ। ਪ੍ਰੋਗਰਾਮ ਖ਼ਤਮ ਹੋਣ ਮਗਰੋਂ ਕਿਸਾਨ ਵਾਪਸ ਪਰਤੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਕਰਮ ਸਿੰਘ ਕਾਰਕੌਰ, ਹਰਦਿੱਤ ਸਿੰਘ ਕਾਲਾ, ਕਮਲਜੀਤ ਸਿੰਘ ਢੀਂਡਸਾ, ਅਵਤਾਰ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਅੱਜ ਪਿੰਡ ’ਚ ਵਾਲਮੀਕਿ ਭਾਈਚਾਰੇ ਦੇ ਪ੍ਰੋਗਰਾਮ ਭਾਜਪਾ ਐੱਸਸੀ ਮੋਰਚੇ ਦੇ ਆਗੂ ਸੰਤੋਖ ਸਿੰਘ ਗੁੰਮਤਾਲਾ ਸਣੇ ਹੋਰ ਆਗੂਆਂ ਦੇ ਪਹੁੰਚਣ ਦੀ ਚਰਚਾ ਬਣੀ ਹੋਈ ਸੀ। ਇਲਾਕੇ ਦੇ ਵੱਡੀ ਗਿਣਤੀ ਕਿਸਾਨ ਭਾਜਪਾ ਆਗੂ ਦਾ ਵਿਰੋਧ ਕਰਨ ਲਈ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਖ਼ਤਮ ਹੋਣ ਤੱਕ ਕੋਈ ਵੀ ਭਾਜਪਾ ਆਗੂ ਨਹੀਂ ਪਹੁੰਚਿਆ। ਕਿਸਾਨਾਂ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਬਿੱਲ ਰੱਦ ਨਹੀਂ ਕਰਦੀ ਤਦ ਤੱਕ ਹਲਕਾ ਡੇਰਾਬੱਸੀ ਵਿੱਚ ਭਾਜਪਾ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਏਗਾ ਅਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਏਗਾ।