ਸਿਓਲ, 29 ਸਤੰਬਰ
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਦੱਖਣੀ ਕੋਰੀਆ ਤੋਂ ਰਵਾਨਗੀ ਤੋਂ ਫੌਰੀ ਮਗਰੋਂ ਉੱਤਰੀ ਕੋਰੀਆ ਨੇ ਅੱਜ ਕੋਰਿਆਈ ਪ੍ਰਾਇਦੀਪ ਵਿੱਚ ਘੱਟ ਦੂਰੀ ਵਾਲੀਆਂ ਦੋ ਬੈਲਸਟਿਕ ਮਿਜ਼ਾਈਲਾਂ ਦਾਗ਼ੀਆਂ ਹਨ। ਇਸ ਹਫ਼ਤੇ ਵਿੱਚ ਇਹ ਤੀਜਾ ਮੌਕਾ ਹੈ ਜਦੋਂ ਉੱਤਰੀ ਕੋਰੀਆ ਨੇ ਹੈਰਿਸ ਦੀ ਫੇਰੀ ਦੇ ਰੋਸ ਵਜੋਂ ਮਿਜ਼ਾਈਲਾਂ ਦਾ ਸਹਾਰਾ ਲਿਆ ਹੈ। ਹੈਰਿਸ ਏਸ਼ਿਆਈ ਮੁਲਕਾਂ ਦੀ ਚਾਰ ਰੋਜ਼ਾ ਫੇਰੀ ਮਗਰੋਂ ਅੱਜ ਅਮਰੀਕਾ ਲਈ ਰਵਾਨਾ ਹੋ ਗਏ ਹਨ। ਹੈਰਿਸ ਨੇ ਪਿਛਲੇ ਦਿਨੀਂ ਜ਼ੋਰ ਦੇ ਕੇ ਆਖਿਆ ਸੀ ਕਿ ਅਮਰੀਕਾ ਆਪਣੇ ਏਸ਼ਿਆਈ ਭਾਈਵਾਲਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਕਾਬਿਲੇਗੌਰ ਹੈ ਕਿ ਉੱਤਰੀ ਕੋਰੀਆ ਪਹਿਲਾਂ ਵੀ ਬੈਲਿਸਟਿਕ ਮਿਜ਼ਾਈਲਾਂ ਦਾਗ਼ਦਾ ਰਿਹਾ ਹੈ ਤੇ ਇਨ੍ਹਾਂ ਦਾ ਇਕੋ ਇਕ ਮਕਸਦ ਵਾਸ਼ਿੰਗਟਨ ਉੱਤੇ ਉਸ ਨੂੰ ਪ੍ਰਮਾਣੂ ਤਾਕਤ ਵਜੋਂ ਸਵੀਕਾਰ ਕਰਨ ਦਾ ਦਬਾਅ ਬਣਾਉਣਾ ਹੈ।
ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ਜ਼ ਆਫ਼ ਸਟਾਫ਼ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਰਾਜਧਾਨੀ ਪਿਓਂਗਯਾਂਗ ਦੇ ਉੱਤਰ ਵਿੱਚ ਪੈਂਦੇ ਸੁਨਚੋਨ ਸ਼ਹਿਰ ਤੋਂ 9 ਮਿੰਟਾਂ ਦੇ ਵਕਫ਼ੇ ਨਾਲ ਮਿਜ਼ਾਈਲਾਂ ਦਾਗੀਆਂ, ਜੋ ਕੋਰਿਆਈ ਪ੍ਰਾਇਦੀਪ ਤੇ ਜਾਪਾਨ ਦੇ ਵਿਚਾਲੇ ਸਮੁੰਦਰ ਵਿੱਚ ਡਿੱਗੀਆਂ। ਉਧਰ ਜਪਾਨ ਦੀ ਫੌਜ ਨੇ ਵੀ ਮਿਜ਼ਾਈਲਾਂ ਦਾ ਖੁਰਾ ਖੋਜ ਲਾਉਣ ਦਾ ਦਾਅਵਾ ਕੀਤਾ ਹੈ। ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਘੱਟ ਦੂਰੀ ਵਾਲੀਆਂ ਦੋ ਬੈਲਸਟਿਕ ਮਿਜ਼ਾਈਲਾਂ ਛੱਡੀਆਂ ਸਨ ਤੇ ਉਸ ਮੌਕੇ ਹੈਰਿਸ ਜਾਪਾਨ ਵਿੱਚ ਸੀ। ਐਤਵਾਰ ਨੂੰ ਹੈਰਿਸ ਦੇ ਵਾਸ਼ਿੰਗਟਨ ਰਵਾਨਾ ਹੋਣ ਮਗਰੋਂ ਵੀ ਉੱਤਰੀ ਕੋਰੀਆ ਨੇ ਇਕ ਮਿਜ਼ਾਈਲ ਦਾਗ਼ੀ ਸੀ। ਹੈਰਿਸ ਨੇ ਦੱਖਣੀ ਕੋਰੀਆ ਦੀ ਰਾਸ਼ਟਰਪਤੀ ਯੂਨ ਸੁਕ ਯਿਓਲ ਨਾਲ ਮੁਲਾਕਾਤ ਕੀਤੀ ਸੀ। -ਏਪੀ