ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਪਰੈਲ
ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਕੇਂਦਰ ਦੇ ਸਹਿਯੋਗ ਨਾਲ ਚੱਲ ਰਹੇ ਕੌਮਾਂਤਰੀ ਰੰਗਮੰਚ ਉਤਸਵ ਵਿੱਚ ਅੱਜ ਵਿਦਵਾਨ ਡਾ. ਅਮਰਜੀਤ ਗਰੇਵਾਲ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਵਾਪਸੀ’ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਖੇਡਿਆ ਗਿਆ।
ਨਾਟਕ ਵਾਪਸੀ ਲਈ ਗੀਤ ਸੁਰਜੀਤ ਪਾਤਰ ਨੇ ਲਿਖੇ ਹਨ। ਨਾਟਕ ਜੰਗ ਦੇ ਖਿਲਾਫ਼ ਮਨੁੱਖੀ ਸੰਵੇਦਨਾ ਦੀ ਕਹਾਣੀ ਹੈ। ਨਾਟਕ ਵਿੱਚ ਇੱਕ ਫੌਜੀ ਆਪਣੇ ਜ਼ਖ਼ਮੀ ਅਫ਼ਸਰ ਨੂੰ ਦੁਸ਼ਮਣਾਂ ਦੇ ਘੇਰੇ ’ਚੋਂ ਬਚਾਅ ਕੇ ਜੰਗਲ ਰਾਹੀਂ ਵਾਪਸ ਘਰ ਵੱਲ ਲਿਆਉਂਦਾ ਹੈ। ਜੰਗ ਦੋ ਮੁਲਕਾਂ ਵਿੱਚ ਮਨੁੱਖਤਾ ਦਾ ਕਿਵੇਂ ਘਾਣ ਕਰਦੀ ਹੈ, ਉਸ ਤ੍ਰਾਸਦੀ ਨੂੰ ਸਿਪਾਹੀ ਬਿਆਨ ਕਰਦਾ ਹੈ। ਉਹ ਲੋਕ ਗੀਤ ਗਾਉਣਾ ਚਾਹੁੰਦਾ ਹੈ, ਤਾਂ ਜੋ ਦੁਸ਼ਮਣਾਂ ਦੇ ਸਿਪਾਹੀ ਉਸ ਦੇ ਗੀਤ ਸੁਣ ਕੇ ਹਥਿਆਰ ਸੁਟ ਦੇਣ ਤੇ ਗਲਵਕੜੀਆਂ ਪਾ ਲੈਣ, ਪਰ ਦੁਸ਼ਮਣਾਂ ਦੀ ਫ਼ੌਜ ਪਿਛਾ ਕਰ ਰਹੀ ਹੈ, ਜੋ ਹੌਲੀ-ਹੌਲੀ ਨੇੜੇ ਪਹੁੰਚਦੀ ਹੈ। ਸਿਪਾਹੀ ਨੂੰ ਉਸ ਵੇਲੇ ਗੋਲੀ ਲਗਦੀ ਹੈ ਜਦੋਂ ਉਸ ਦੇ ਬੁੱਲ੍ਹ ਲੋਕ ਗੀਤ ਗਾਉਣ ਲਈ ਖੁੱਲ੍ਹਦੇ ਹਨ। ਸਿਪਾਹੀ ਦੀ ਭੂਮਿਕਾ ਵਿੱਚ ਅਦਾਕਾਰ ਅਮਨ ਸ਼ੇਰ ਸਿੰਘ ਨੇ ਨਿਭਾਈ। ਜ਼ਖਮੀ ਅਫ਼ਸਰ ਦੇ ਰੂਪ ਵਿੱਚ ਗੋਬਿੰਦ ਕੁਮਾਰ ਨੇ ਸਾਥ ਦਿੱਤਾ। ਨਾਟਕ ਵਿੱਚ ਗਾਇਕ ਕੁਸ਼ਾਗਰ ਕਾਲੀਆ ਨੇ ਆਪਣੀ ਆਵਾਜ਼ ਨਾਲ ਦਰਸ਼ਕ ਕੀਲੇ। ਪਿੱਠਵਰਤੀ ਸੰਗੀਤ ਹਰਿੰਦਰ ਸੋਹਲ ਨੇ ਤਿਆਰ ਕੀਤਾ ਅਤੇ ਸੰਗੀਤ ਨੂੰ ਸਾਜਨ ਕੋਹਿਨੂਰ ਨੇ ਪੇਸ਼ ਕੀਤਾ।
ਇਸ ਮੌਕੇ ਨਾਟਕ ਦੇ ਲੇਖਕ ਡਾ. ਅਮਰਜੀਤ ਗਰੇਵਾਲ, ਨਾਟਕਕਾਰ ਸ਼ਮਸਲ ਇਸਲਾਮ, ਨਿਲਿਮਾ ਸ਼ਰਮਾ, ਕੇਵਲ ਧਾਲੀਵਾਲ, ਅਰਵਿੰਦਰ ਕੌਰ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ, ਸੁਰਜੀਤ ਜੱਜ ਆਦਿ ਹਾਜ਼ਰ ਸਨ।