ਵਾਸ਼ਿੰਗਟਨ, 29 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਸੁਧਾਰਾਂ ਦੀ ਲੋੜ ਨੂੰ ਹਮੇਸ਼ਾ ਲਈ ਨਕਾਰਿਆ ਨਹੀਂ ਜਾ ਸਕਦਾ ਹੈ। ਉਂਜ ਉਨ੍ਹਾਂ ਕਿਹਾ ਕਿ ਭਾਰਤ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਇਕ ਆਸਾਨ ਪ੍ਰਕਿਰਿਆ ਹੋਵੇਗੀ। ਇਥੇ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਮੇਰਾ ਮੰਨਣਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਜਿਹੜਾ ਰੁਖ ਅਖ਼ਤਿਆਰ ਕੀਤਾ ਹੈ, ਉਹ ਸੁਰੱਖਿਆ ਕੌਂਸਲ ਸਮੇਤ ਸੰਯੁਕਤ ਰਾਸ਼ਟਰ ’ਚ ਸੁਧਾਰਾਂ ਲਈ ਅਮਰੀਕੀ ਹਮਾਇਤ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ।’’ ਜੈਸ਼ੰਕਰ ਨੇ ਕਿਹਾ ਕਿ ਇਹ ਕਿਸੇ ਇਕ ਮੁਲਕ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਸਾਂਝੀਆਂ ਕੋਸ਼ਿਸ਼ਾਂ ਨਾਲ ਸੰਯੁਕਤ ਰਾਸ਼ਟਰ ਦੇ ਮੈਂਬਰ ਅੱਗੇ ਵਧਦੇ ਹਨ। ਅਮਰੀਕਾ ’ਚ ਆਪਣੇ ਦੌਰੇ ਦੇ ਆਖਰੀ ਦਿਨ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਬਹੁਤ ਜ਼ਰੂਰੀ ਸੁਧਾਰਾਂ ਲਈ ਵਾਰਤਾ ’ਚ ਅੜਿੱਕਾ ਨਹੀਂ ਪੈਣਾ ਚਾਹੀਦਾ ਹੈ। ਭਾਰਤ ਮੌਜੂਦਾ ਸਮੇਂ ’ਚ 15 ਮੈਂਬਰੀ ਕੌਂਸਲ ਦਾ ਅਸਥਾਈ ਮੈਂਬਰ ਹੈ ਅਤੇ ਇਸ ਸਾਲ ਦਸੰਬਰ ’ਚ ਉਸ ਦਾ ਦੋ ਸਾਲਾਂ ਦਾ ਕਾਰਜਕਾਲ ਪੂਰਾ ਹੋਵੇਗਾ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਇਸ ਸਮੇਂ ਪੰਜ ਪੱਕੇ ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਹਨ ਅਤੇ ਉਨ੍ਹਾਂ ਕੋਲ ਹੀ ਕਿਸੇ ਵੀ ਮੂਲ ਪ੍ਰਸਤਾਵ ਨੂੰ ਵੀਟੋ ਕਰਨ ਦਾ ਹੱਕ ਹੁੰਦਾ ਹੈ। ਭਾਰਤ ਲਗਾਤਾਰ ਸਲਾਮਤੀ ਕੌਂਸਲ ’ਚ ਬਕਾਇਆ ਪਏ ਸੁਧਾਰਾਂ ’ਤੇ ਕਾਰਵਾਈ ਤੇਜ਼ ਕਰਨ ਲਈ ਜ਼ੋਰ ਦਿੰਦਾ ਆ ਰਿਹਾ ਹੈ। -ਪੀਟੀਆਈ