ਜੈਸਮੀਨ ਭਾਰਦਵਾਜ
ਨਾਭਾ, 27 ਜੁਲਾਈ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰਿਲਾਇੰਸ ਟ੍ਰੈਂਡਜ਼ ਮਾਲ ਦੇ ਬਾਹਰ ਪੱਕੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਹੁਣ ਲੋਕ ਆਪਣੇ ਘਰ ਦੀ ਖੁਸ਼ੀ ਮੌਕੇ ਸ਼ਾਮਲ ਕਰਨੋ ਨਹੀਂ ਭੁੱਲਦੇ। ਜੇਕਰ ਤੁਸੀਂ ਇਸ ਧਰਨੇ ਵਿੱਚ ਜਾਓ ਤਾਂ ਲੱਡੂ ਅਤੇ ਜਲੇਬੀਆਂ ਦਾ ਪ੍ਰਸ਼ਾਦ ਆਮ ਤੌਰ ’ਤੇ ਮਿਲ ਹੀ ਜਾਵੇਗਾ। ਵੈਸੇ ਤਾਂ ਇਸ ਧਰਨੇ ਵਿੱਚ ਲੰਗਰ ਦੀ ਸੇਵਾ ਘੋੜਿਆਂ ਵਾਲੇ ਗੁਰਦੁਆਰੇ ਤੋਂ ਕਾਰ ਸੇਵਾ ਵਾਲੇ ਕਰਦੇ ਹਨ ਪਰ ਅਕਸਰ ਹੀ ਪਿੰਡ ਦੇ ਲੋਕ ਇਕ ਦਿਨ ਪਹਿਲਾਂ ਆ ਕੇ ਦੱਸ ਜਾਂਦੇ ਹਨ ਕਿ ਅਗਲੇ ਦਿਨ ਇਹ ਸੇਵਾ ਉਨ੍ਹਾਂ ਵੱਲੋਂ ਹੋਵੇਗੀ।
ਪਿਛਲੇ ਹਫਤੇ ਵਿੱਚ ਘਮਰੌਦਾ ਪਿੰਡ ਦੇ ਕਰਮਜੀਤ ਸਿੰਘ ਨੇ ਆਪਣੇ ਘਰ ਪੋਤੇ ਦੇ ਜਨਮ ਮੌਕੇ ਇਸ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਵੀ ਮਿਠਾਈ ਅਤੇ ਲੰਗਰ ਭੇਜਿਆ। ਇਸੇ ਤਰ੍ਹਾਂ ਸੇਖੇ ਪਿੰਡ ਤੋਂ ਰਾਜਿੰਦਰ ਕੌਰ ਨੇ ਆਪਣੇ ਪੁੱਤਰ ਦੇ ਵਿਆਹ ਮੌਕੇ ਧਰਨੇ ਵਿੱਚ ਲੱਡੂ ਵੰਡੇ ਅਤੇ ਆਪਣੇ ਪੁੱਤਰ ਦੇ ਜੀਵਨ ਦੇ ਅਗਲੇ ਪੜਾਅ ਲਈ ਅਸ਼ੀਰਵਾਦ ਲਿਆ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਕਿਸੇ ਪਿੰਡ ਵਿੱਚ ਕੋਈ ਸਾਂਝਾ ਸਮਾਗਮ ਹੋਵੇ ਜਾਂ ਘਰ ’ਚ ਕੋਈ ਖੁਸ਼ੀ ਦਾ ਮੌਕਾ ਹੋਵੇ ਤਾਂ ਲੋਕ ਇਥੇ ਆ ਕੇ ਕਹਿ ਜਾਂਦੇ ਹਨ ਕਿ ਅਗਲੇ ਦਿਨ ਦਾ ਲੰਗਰ ਕਾਰ ਸੇਵਾ ’ਚੋਂ ਨਾ ਮੰਗਵਾਉਣ ਕਿਉਂਕਿ ਉਸ ਦਿਨ ਦੀ ਸੇਵਾ ਉਹ ਲਾਉਣਾ ਚਾਹੁੰਦੇ ਹਨ। ਇਸੇ ਤਰ੍ਹਾਂ ਅੱਜ ਘਮਰੌਦਾ ਪਿੰਡ ਵਿੱਚ ਸਾਲਾਨਾ ਭੰਡਾਰਾ ਸੀ ਅਤੇ ਅੱਜ ਲਈ ਲੰਗਰ ਦੀ ਵਿਵਸਥਾ ਉਨ੍ਹਾਂ ਵੱਲੋਂ ਕੀਤੀ ਗਈ।
ਧਰਨੇ ਦੇ ਇਸ ਸਥਾਨ ਦੇ ਨਜ਼ਦੀਕ ਨਾਭਾ ਕਾਲਜ ਅਤੇ ਰੋਟਰੀ ਕਲੱਬ ਦਾ ਹਾਲ ਵੀ ਹੈ। ਅਕਸਰ ਕਾਲਜ ਗਰਾਊਂਡ ਵਿੱਚ ਖੇਡਣ ਆਉਂਦੇ ਨੌਜਵਾਨ ਜਾਂ ਰੋਟਰੀ ਕਲੱਬ ਦੇ ਪ੍ਰੋਗਰਾਮ ਵਿੱਚ ਆਏ ਮਹਿਮਾਨ ਧਰਨੇ ਵਿੱਚ ਹਾਜ਼ਰੀ ਲਗਵਾਉਂਦੇ ਅਤੇ ਤਸਵੀਰਾਂ, ਸੈਲਫੀ ਖਿੱਚਦੇ ਦਿਖਾਈ ਦਿੰਦੇ ਹਨ। ਕੁਲਦੀਪ ਸਿੰਘ ਰੋਹਟੀ ਮੋੜਾਂ ਨੇ ਦੱਸਿਆ ਕਿ ਲੋਕਾਂ ਤੋਂ ਮਿਲਣ ਵਾਲੇ ਹੌਸਲੇ ਅਤੇ ਸਨੇਹ ਸਦਕਾ ਹੀ ਉਹ ਸਤੰਬਰ ਮਹੀਨੇ ਤੋਂ ਲਗਾਤਾਰ ਇਸ ਧਰਨੇ ਨੂੰ ਹਰ ਰੁੱਤ ਜਾਰੀ ਰੱਖ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੋਕ ਉਨ੍ਹਾਂ ਨੂੰ ਆਪਣੇ ਘਰ ਵਿੱਚ ਖੁਸ਼ੀ ਦੇ ਮੌਕੇ ਇਸ ਤਰ੍ਹਾਂ ਯਾਦ ਰੱਖਦੇ ਹਨ ਤਾਂ ਧਰਨੇ ’ਤੇ ਬੈਠਾ ਹਰ ਕਿਸਾਨ ਮਾਣ ਮਹਿਸੂਸ ਕਰਦਾ ਹੈ।