ਰਾਮ ਗੋਪਾਲ ਰਾਏਕੋਟੀ
ਰਾਏਕੋਟ, 24 ਅਪਰੈਲ
ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਵਿੱਚ ਬੋਪਾਰਾਏ ਰੋਡ ’ਤੇ ਕਰੀਬ 4 ਕਿੱਲੇ ਕਣਕ ਦੀ ਨਾੜ੍ਹ ਨੂੰ ਅੱਗ ਲੱਗ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੋਪਾਰਾਏ ਰੋਡ ’ਤੇ ਸ਼ੈਲਰ ਨੇੜੇ ਪ੍ਰੇਮ ਸਿੰਘ ਜਲਾਲਦੀਵਾਲ ਜੋ ਕਿ ਸਿਵੀਆਂ ਪਿੰਡ ਦੀ ਜ਼ਮੀਨ ’ਤੇ ਠੇਕੇ ਦੀ ਖੇਤੀ ਕਰਦੇ ਹਨ। ਅੱਜ ਦੁਪਹਿਰ ਉਨ੍ਹਾਂ ਦੇ 4 ਏਕੜ ਕਣਕ ਦੇ ਖੇਤਾਂ ਵਿੱਚ ਖੜ੍ਹੀ ਨਾੜ ਨੂੰ ਅੱਗ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ।
ਇਹ ਹਾਦਸਾ ਖੇਤਾਂ ਦੇ ਨਜ਼ਦੀਕ ਲੱਗਣ ਵਾਲੀਆਂ ਬਿਜਲੀ ਦੀਆਂ ਤਾਰਾਂ ਦੇ ਨਾਲ ਦਰੱਖਤ ਖਹਿਣ ਕਾਰਨ ਵਾਪਰਿਆ, ਅੱਗ ਦੀ ਇੱਕ ਚੰਗਿਆੜੀ ਨੇ ਲਗਪੱਗ 4 ਕਿੱਲਿਆਂ ਵਿੱਚ ਖੜ੍ਹੀ ਨਾੜ ਨੂੰ ਸੁਆਹ ਵਿੱਚ ਬਦਲ ਦਿੱਤਾ। ਗਨੀਮਤ ਇਹ ਰਹੀ ਕਿ ਨਾਲ ਲੱਗਦੇ ਖੇਤਾਂ ਵਿੱਚ ਹਰਪਾਲ ਸਿੰਘ ਸਿਵੀਆਂ ਦੀਆਂ ਤੂੜ੍ਹੀ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਸਨ, ਜਿਹਨਾਂ ਨੇ ਆਪਣੇ ਟਰੈਕਟਰਾਂ ਨਾਲ ਹਲਾਂ ਰਾਹੀਂ ਅੱਗ ਲੱਗੇ ਖੇਤ ਵਾਹ ਕੇ ਮੌਕੇ ’ਤੇ ਲੱਗੀ ਅੱਗ ਨੂੰ ਅੱਗੇ ਵਧਣ ਤੋਂ ਰੋਕ ਲਿਆ। ਜੇਕਰ ਇਸ ਅੱਗ ਨੂੰ ਸਮੇਂ ਸਿਰ ਨਾ ਰੋਕਿਆ ਜਾਂਦਾ ਤਾਂ ਨਾਲ ਲੱਗਦੇ ਸੈਂਕੜੇ ਏਕੜ ਵਿੱਚ ਨਾੜ੍ਹ ਇਸ ਦੀ ਚਪੇਟ ’ਚ ਆ ਸਕਦੀ ਸੀ ਤੇ ਇਸ ਹਾਦਸੇ ਨਾਲ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਣ ਦਾ ਖਤਰਾ ਸੀ। ਇਸ ਮੌਕੇ ਮੌਜੂਦ ਲੋਕਾਂ ਅਤੇ ਕਿਸਾਨਾਂ ਨੇ ਨਿੱਤ ਲੱਗਦੀਆਂ ਅੱਗਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰੀ ਮੱਦਦ ਦੀ ਮੰਗ ਕੀਤੀ ਹੈ ਤੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।