ਪੱਤਰ ਪ੍ਰੇਰਕ
ਸਮਰਾਲਾ, 24 ਅਪਰੈਲ
ਇਥੇ ਆਲ ਇੰਡੀਆ ਬੀਐੱਸਐੱਨਐੱਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇੱਕ ਚੋਣ ਮੀਟਿੰਗ ਟੈਲੀਫੋਨ ਐਕਸਚੈਂਜ ਸਮਰਾਲਾ ਵਿੱਚ ਹੋਈ। ਇਸ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸਰਕਲ ਸਕੱਤਰ ਬਾਜਵਾ ਨੇ ਬੀਐੱਸਐੱਨਐੱਲ ਪੈਨਸ਼ਨਰਾਂ ਦੀਆਂ ਮੁੱਢਲੀਆਂ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪੈਨਸ਼ਨ ਰਵਾਈਜ਼ ਕਰਨ ਸਬੰਧੀ ਵੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਬੀਐੱਸਐੱਨਐੱਲ ਪੈਨਸ਼ਨਰਾਂ ਨੂੰ ਪਿਛਲੇ ਤਿੰਨ ਸਾਲਾਂ ਦਾ ਮੈਡੀਕਲ ਭੱਤਾ ਨਹੀਂ ਮਿਲ ਰਿਹਾ, ਜਿਸਨੂੰ ਤੁਰੰਤ ਜਾਰੀ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਐੱਚਆਰ ਕੌਸ਼ਲ ਬਰਾਂਚ ਸਕੱਤਰ ਖੰਨਾ, ਬਰਾਂਚ ਸਕੱਤਰ ਜਗਰਾਓਂ ਅਤੇ ਲੁਧਿਆਣਾ ਤੋਂ ਇਲਾਵਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਚੇਅਰਮੈਨ ਸੁਦੇਸ਼ ਸ਼ਰਮਾ ਨੇ ਸੰਬੋਧਨ ਕੀਤਾ। ਇਸ ਉਪਰੰਤ ਸਰਬਸੰਮਤੀ ਨਾਲ ਸੈਸ਼ਨ 2022- 23 ਲਈ ਜ਼ਿਲ੍ਹਾ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਬਲਵੰਤ ਸਿੰਘ ਸੰਧੂ ਪ੍ਰਧਾਨ, ਗੁਰਪਾਲ ਸਿੰਘ ਸਕੱਤਰ, ਹਰਭਜਨ ਸਿੰਘ ਖਜ਼ਾਨਚੀ ਚੁਣੇ ਗਏ ਅਤੇ ਉਕਤ ਤੋਂ ਇਲਾਵਾ ਦਰਜਨ ਦੇ ਕਰੀਬ ਕਾਰਜਕਾਰੀ ਮੈਂਬਰਾਂ ਦੀ ਵੀ ਚੋਣ ਕੀਤੀ ਗਈ।