ਖੇਤਰੀ ਪ੍ਰਤੀਨਿਧ
ਧੂਰੀ, 23 ਮਈ
ਨੇੜਲੇ ਪਿੰਡ ਬਰੜਵਾਲ ਦਾ ਇੱਕ ਵਿਅਕਤੀ ਡਾਕ ਵਿਭਾਗ ’ਚ ਨੌਕਰੀ ਲੈਣ ਦੇ ਝਾਂਸੇ ’ਚ ਆ ਕੇ ਕਥਿਤ ਪੰਜ ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਅਵਤਾਰ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਪਿੰਡ ਬਰੜਵਾਲ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਆਪਣੇ ਨਾਲ ਠੱਗੀ ਹੋਣ ਦਾ ਖੁਲਾਸਾ ਕਰਦਿਆਂ ਕਿਹਾ ਕਿ ਦੂਰੋਂ ਰਿਸ਼ਤੇਦਾਰ ਲਗਦੇ ਬਲਵੀਰ ਸਿੰਘ ਨਾਮੀ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਲੜਕੇ ਨੂੰ ਡਾਕ ਵਿਭਾਗ ’ਚ ਨੌਕਰੀ ਦੁਆਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 5 ਲੱਖ ਰੁਪਏ ਦੀ ਠੱਗੀ ਮਾਰ ਲਈ। ਅਵਤਾਰ ਸਿੰਘ ਨੇ ਠੱਗੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਬਲਵੀਰ ਸਿੰਘ ਨੇ ਵਿਸ਼ਵਾਸ ਦੁਆਉਂਦਿਆਂ ਉਸ ਦੇ ਲੜਕੇ ਨੂੰ 29/12/2021 ਨੂੰ ਡਾਕ ਵਿਭਾਗ ’ਚ ਐਲਡੀਸੀ ਦੀ ਆਸਾਮੀ ਦਾ ਕਥਿਤ ਜਾਅਲੀ ਨਿਯੁਕਤੀ ਪੱਤਰ ਵੀ ਦਿੱਤਾ ਅਤੇ ਪਟਿਆਲਾ ਵਿਖੇ ਕਥਿਤ ਡੇਢ ਮਹੀਨਾ ਟਰੇਨਿੰਗ ਵੀ ਦੁਆਈ, ਪਰ ਜਦੋਂ ਉਸ ਦੇ ਲੜਕੇ ਨੇ ਵਿਭਾਗ ਦਾ ਸ਼ਨਾਖਤੀ ਕਾਰਡ ਮੰਗਿਆ ਤਾਂ ਉਸ ਨੇ ਟਾਲਦਿਆਂ ਕਿਹਾ ਕਿ ਉਸ ਨੂੰ ਚੰਡੀਗੜ੍ਹ ਬੁਲਾਵਾਂਗੇ, ਪਰ ਹੁਣ ਪੰਜ ਮਹੀਨੇ ਬੀਤਣ ਦੇ ਬਾਵਜੂਦ ਨਾ ਕੋਈ ਸੱਦਾ ਆਇਆ ਅਤੇ ਨਾ ਹੀ ਰਕਮ ਮੋੜੀ। ਉਲਟਾ 5 ਲੱਖ ਰੁਪਏ ਵਾਪਸ ਮੰਗਣ ’ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।